ਮ੍ਰਿਤਕ ਦੇ ਭਰਾ ਨੇ ਵੀ ਨਸ਼ੇ ਕਾਰਨ ਕੀਤੀ ਸੀ ਖ਼ੁਦਕੁਸ਼ੀ
ਬਟਾਲਾ :ਸਥਾਨਕ ਸੰਤ ਨਗਰ 'ਚ ਨਸ਼ੇ ਦੇ ਆਦੀ ਨੌਜੁਆਨ ਦੀ ਘਰ ਦੇ ਨੇੜੇ ਖੇਤਾਂ 'ਚ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ। ਪੁਲਿਸ ਥਾਣਾ ਸਿਵਲ ਲਾਈਨ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪਿਤਾ ਸਾਬਕਾ ਫ਼ੌਜੀ ਨੇ ਕਿਹਾ ਨਸ਼ੇ ਨੇ ਉਨ੍ਹਾਂ ਦੇ ਦੋ ਪੁੱਤਰਾਂ ਨੂੰ ਨਿਗਲ ਲਿਆ।
ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਨੇ ਦਸਿਆ ਕਿ ਉਹ ਵੀ ਨਸ਼ੇ ਦਾ ਆਦੀ ਸੀ। ਬੀਤੀ ਰਾਤ ਕਰੀਬ 10 ਵਜੇ ਉਹ ਘਰੋਂ ਲੜਦਾ ਹੋਇਆ ਨਿਕਲਿਆ ਸੀ ਅਤੇ ਵਾਪਸ ਨਹੀਂ ਆਇਆ। ਸਵੇਰੇ ਉਸ ਦੀ ਲਾਸ਼ ਖੇਤਾਂ 'ਚ ਦਰੱਖਤ ਨਾਲ ਲਟਕਦੀ ਮਿਲੀ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਬਾਜੇਕੇ ਸਮੇਤ ਡਿਬਰੂਗੜ੍ਹ ਜੇਲ 'ਚ ਬੰਦ 3 ਸਾਥੀਆਂ ਨੇ ਕੀਤਾ ਹਾਈ ਕੋਰਟ ਦਾ ਰੁਖ਼
ਪਿਤਾ ਸੇਵਾਮੁਕਤ ਸਿਪਾਹੀ ਮਹਿੰਦਰ ਸਿੰਘ ਨੇ ਦਸਿਆ ਕਿ ਬਚਿੱਤਰ ਸਿੰਘ ਦੀ ਉਮਰ 22 ਸਾਲ ਸੀ ਅਤੇ ਉਹ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ। ਪਿਤਾ ਨੇ ਦਸਿਆ ਕਿ ਉਨ੍ਹਾਂ ਦਾ ਇਕ ਹੋਰ ਪੁੱਤਰ ਵੀ ਪਹਿਲਾਂ ਨਸ਼ਾ ਕਰਦਾ ਸੀ ਅਤੇ ਇਸ ਦੇ ਚਲਦੇ ਹੀ ਉਸ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ 'ਤੇ ਲਗਾਮ ਕੱਸਣ ਤਾਂ ਜੋ ਹੋਰ ਨੌਜੁਆਨ ਨਸ਼ਿਆਂ ਦੀ ਦਲਦਲ 'ਚ ਨਾ ਫਸਣ। ਥਾਣਾ ਸਿਵਲ ਲਾਈਨ ਦੇ ਸਬ-ਇੰਸਪੈਕਟਰ ਮਨੋਹਰ ਸਿੰਘ ਨੇ ਦਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਲਈ ਭੇਜ ਦਿਤਾ ਗਿਆ ਹੈ।