ਪੁਲਿਸ ਨੇ ਨਿਹੰਗ ਗੁਰਵਿੰਦਰ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਕੀਤਾ ਗ੍ਰਿਫ਼ਤਾਰ
ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੇ ਅਮਲੋਹ ਕਸਬੇ 'ਚ ਵਿਦਿਆਰਥੀਆਂ ਵਿਚਾਲੇ ਹੋਈ ਝੜਪ 'ਚ ਇਕ ਨਿਹੰਗ ਨੇ ਤਲਵਾਰ ਨਾਲ ਇਕ ਵਿਅਕਤੀ ਦਾ ਗੁੱਟ ਵੱਢ ਦਿਤਾ। ਨਿਹੰਗ ਨੇ ਇੰਨੀ ਜ਼ੋਰ ਨਾਲ ਹਮਲਾ ਕੀਤਾ ਕਿ ਉਸ ਆਦਮੀ ਦਾ ਲਗਭਗ ਪੂਰਾ ਗੁੱਟ ਬਾਂਹ ਤੋਂ ਵੱਖ ਹੋ ਗਿਆ। ਜ਼ਖ਼ਮੀ ਵਿਅਕਤੀ ਦੇ ਪ੍ਰਵਾਰਕ ਮੈਂਬਰਾਂ ਨੇ ਉਸ ਨੂੰ ਅਮਲੋਹ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਦੂਜੇ ਪਾਸੇ ਪੁਲਿਸ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: BBMB ਤੋਂ ਹਿਮਾਚਲ ਨੂੰ ਪਾਣੀ ਦੇਣ ਦਾ ਮੁੱਦਾ, CM ਭਗਵੰਤ ਮਾਨ ਨੇ PM ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਹਮਲਾਵਰ ਨਿਹੰਗ ਗੁਰਵਿੰਦਰ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਲੋਹ ਦੇ ਪਿੰਡ ਚਹਿਲਾਂ ਵਾਸੀ ਬਲਜੀਤ ਸਿੰਘ ਨੇ ਦਸਿਆ ਕਿ ਉਸ ਦਾ ਲੜਕਾ ਅਪਣੇ ਦੋਸਤਾਂ ਨਾਲ ਬਾਜ਼ਾਰ ਆਇਆ ਹੋਇਆ ਸੀ। ਉਸ ਨੂੰ ਉਸ ਦੇ ਲੜਕੇ ਦਾ ਫੋਨ ਆਇਆ ਕਿ ਉਸ ਦੇ ਆਲੇ-ਦੁਆਲੇ ਕੁਝ ਨੌਜਵਾਨ ਖੜ੍ਹੇ ਹਨ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਹਨ। ਉਸ ਨੇ ਆਪਣੇ ਬੇਟੇ ਨੂੰ ਦੁਕਾਨ ਦੇ ਅੰਦਰ ਲੁਕਣ ਲਈ ਕਿਹਾ। ਜਿਵੇਂ ਹੀ ਉਹ ਆਪਣੇ ਭਰਾ ਮਨਵੀਰ ਸਿੰਘ ਸਮੇਤ ਮੌਕੇ 'ਤੇ ਪਹੁੰਚਿਆ ਤਾਂ ਇਸੇ ਦੌਰਾਨ ਇਕ ਬੱਚੇ ਦਾ ਪਿਤਾ ਗੁਰਵਿੰਦਰ ਸਿੰਘ ਜੋ ਕਿ ਪਿੰਡ ਖਨੀਆਂ ਦਾ ਰਹਿਣ ਵਾਲਾ ਹੈ,ਵੀ ਉਥੇ ਆ ਗਿਆ।
ਇਹ ਵੀ ਪੜ੍ਹੋ: 'ਸਰਕਾਰ ਗੈਰਕਾਨੂੰਨੀ ਖਣਨ ਦੇ ਖ਼ਾਤਮੇ ਅਤੇ ਲੋਕਾਂ ਨੂੰ ਵਾਜਿਬ ਰੇਟਾਂ ’ਤੇ ਰੇਤਾ ਉਪਲਬਧ ਕਰਵਾਉਣ ਲਈ ਵਚਨਬੱਧ'
ਉਸ ਨੇ ਆਉਂਦਿਆਂ ਹੀ ਤਲਵਾਰ ਕੱਢ ਲਈ ਅਤੇ ਵਿਅਕਤੀ ਦੀ ਬਾਂਹ 'ਤੇ ਹਮਲਾ ਕਰ ਦਿਤਾ। ਹਮਲਾਵਰ ਦੀ ਕਾਰ ਵਿਚ ਇਕ ਪਿਸਤੌਲ ਵੀ ਪਿਆ ਸੀ। ਜ਼ਖ਼ਮੀ ਦੇ ਭਰਾ ਮਨਵੀਰ ਸਿੰਘ ਅਨੁਸਾਰ ਬੱਚਿਆਂ ਦੀ ਆਪਸੀ ਲੜਾਈ ਚੱਲ ਰਹੀ ਹੈ। ਇਸ ਕਾਰਨ ਉਸ ਦੇ ਭਤੀਜੇ ਨੂੰ ਘੇਰ ਕੇ ਕੁੱਟਿਆ ਜਾ ਰਿਹਾ ਸੀ। ਜਦੋਂ ਉਸ ਨੇ ਆ ਕੇ ਆਪਣੇ ਭਤੀਜੇ ਨੂੰ ਬਚਾਇਆ ਤਾਂ ਨਿਹੰਗ ਨੇ ਆ ਕੇ ਉਸ ਦੇ ਭਰਾ ਬਲਜੀਤ 'ਤੇ ਹਮਲਾ ਕਰ ਦਿਤਾ। ਅਮਲੋਹ ਦੇ ਡੀਐਸਪੀ ਜੰਗਜੀਤ ਸਿੰਘ ਨੇ ਦਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਜ਼ਖ਼ਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਨਿਹੰਗ ਗੁਰਵਿੰਦਰ ਸਿੰਘ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ।