
ਜੇਕਰ ਇਮਾਰਤ ’ਚ ਇੰਨੇ ਲੋਕ ਨਾ ਹੁੰਦੇ ਤਾਂ ਸ਼ਾਇਦ ਲੋਕ ਆਸਾਨੀ ਨਾਲ ਉੱਥੋਂ ਚਲੇ ਜਾਂਦੇ : ਰਾਏ ਦੀ ਬੇਟੀ ਸੁਮਨਦੀਪ ਕੌਰ
ਹੁਸ਼ਿਆਰਪੁਰ: ਕੁਵੈਤ ’ਚ ਅੱਗ ਲੱਗਣ ਨਾਲ ਮਾਰੇ ਗਏ ਭਾਰਤੀਆਂ ’ਚ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਿੰਮਤ ਰਾਏ ਵੀ ਸ਼ਾਮਲ ਹੈ, ਜੋ ਅਪਣੇ ਘਰ ’ਚ ਕਮਾਉਣ ਵਾਲਾ ਇਕੋ-ਇਕ ਜੀਅ ਸੀ।
ਪਰਵਾਰ ਹੁਸ਼ਿਆਰਪੁਰ ਸ਼ਹਿਰ ਦੇ ਉਪਨਗਰ ਕੱਕੋਂ ’ਚ ਰਹਿੰਦਾ ਹੈ ਅਤੇ ਜਦੋਂ ਤੋਂ ਉਨ੍ਹਾਂ ਨੂੰ ਇਸ ਦੁਖਾਂਤ ਦੀ ਖ਼ਬਰ ਮਿਲੀ ਹੈ, ਪਰਵਾਰ ਸਦਮੇ ’ਚ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਲੇਮਪੁਰ ਪਿੰਡ ਦੇ ਵਸਨੀਕ ਹਿੰਮਤ ਰਾਏ (62) ਦੀ ਬੁਧਵਾਰ ਨੂੰ ਕੁਵੈਤ ਦੇ ਮੰਗਫ ’ਚ ਅੱਗ ਲੱਗਣ ਨਾਲ ਮੌਤ ਹੋ ਗਈ। ਉਹ ਅਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਛੱਡ ਗਏ ਹਨ। ਉਨ੍ਹਾਂ ਦੀਆਂ ਧੀਆਂ ਵਿਆਹੀਆਂ ਹੋਈਆਂ ਹਨ।
ਵੀਰਵਾਰ ਸ਼ਾਮ ਤੋਂ ਹੀ ਵੱਡੀ ਗਿਣਤੀ ’ਚ ਲੋਕ ਹਿੰਮਤ ਰਾਏ ਦੇ ਘਰ ਹਮਦਰਦੀ ਜ਼ਾਹਰ ਕਰਨ ਲਈ ਆ ਰਹੇ ਹਨ। ਰਾਏ ਦੀ ਪਤਨੀ ਸਰਬਜੀਤ ਕੌਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਦਾ ਪਤੀ ਪਰਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ। ਰਾਏ ਨੇ ਲਗਭਗ 28-30 ਸਾਲ ਪਹਿਲਾਂ ਦੇਸ਼ ਛੱਡ ਦਿਤਾ ਸੀ ਅਤੇ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਦੀ ਐਨ.ਬੀ.ਟੀ.ਸੀ. ਕੰਪਨੀ ਵਿਚ ਕੰਮ ਕਰ ਰਿਹਾ ਸੀ। ਪਰਵਾਰ ਨੇ ਕਿਹਾ ਕਿ ਉਹ ਕੰਪਨੀ ਦੇ ਨਿਰਮਾਣ ਵਿਭਾਗ ’ਚ ਫੋਰਮੈਨ ਸੀ।
ਉਨ੍ਹਾਂ ਦੀਆਂ ਦੋ ਬੇਟੀਆਂ ਅਮਨਦੀਪ ਕੌਰ (35) ਅਤੇ ਸੁਮਨਦੀਪ ਕੌਰ (32) ਵਿਆਹੀਆਂ ਹੋਈਆਂ ਹਨ ਜਦਕਿ ਉਨ੍ਹਾਂ ਦਾ 16 ਸਾਲ ਦਾ ਬੇਟਾ ਅਰਸ਼ਦੀਪ ਸਿੰਘ ਬਾਗਪੁਰ ਦੇ ਇਕ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹਦਾ ਹੈ। ਰਾਏ ਦਾ ਪਰਵਾਰ 2012 ’ਚ ਸਲੇਮਪੁਰ ਪਿੰਡ ਤੋਂ ਕੱਕੋਂ ’ਚ ਅਪਣੇ ਨਵੇਂ ਬਣੇ ਘਰ ’ਚ ਚਲਾ ਗਿਆ ਸੀ। ਅਰਸ਼ਦੀਪ ਨੂੰ ਵੀਰਵਾਰ ਨੂੰ ਰਾਏ ਦੇ ਇਕ ਸਾਥੀ ਦਾ ਫੋਨ ਆਇਆ, ਜਿਸ ਵਿਚ ਅੱਗ ਲੱਗਣ ਕਾਰਨ ਰਾਏ ਦੀ ਹੋਈ ਮੌਤ ਦੀ ਜਾਣਕਾਰੀ ਦਿਤੀ ਗਈ।
ਪਰਵਾਰ ਨੇ ਇਸ ’ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸੇ ਕੰਪਨੀ ’ਚ ਕੰਮ ਕਰਨ ਵਾਲੇ ਇਕ ਹੋਰ ਰਿਸ਼ਤੇਦਾਰ ਨੂੰ ਫ਼ੌਲ ਕੀਤਾ। ਰਾਏ ਦੇ ਰਿਸ਼ਤੇਦਾਰ ਨੇ ਦਸਿਆ ਕਿ ਰਾਏ ਨੂੰ ਐਮਰਜੈਂਸੀ ਵਾਰਡ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਰਾਏ ਪਿਛਲੇ ਸਾਲ ਅਪਣੇ ਘਰ ਆਇਆ ਸੀ ਅਤੇ ਲਗਭਗ ਦੋ ਮਹੀਨੇ ਉੱਥੇ ਰਹਿਣ ਤੋਂ ਬਾਅਦ ਕੁਵੈਤ ਵਾਪਸ ਆ ਗਿਆ ਸੀ। ਉਸ ਨੇ ਆਖਰੀ ਵਾਰ ਮੰਗਲਵਾਰ ਨੂੰ ਅਪਣੇ ਪਰਵਾਰ ਨਾਲ ਗੱਲ ਕੀਤੀ ਸੀ। ਰਾਏ ਦੀ ਬੇਟੀ ਸੁਮਨਦੀਪ ਕੌਰ ਨੇ ਦਸਿਆ ਕਿ ਉਸ ਦੇ ਪਿਤਾ ਜਿਸ ਇਮਾਰਤ ’ਚ ਰਹਿੰਦੇ ਸਨ, ਉਸ ’ਚ ਘੱਟੋ-ਘੱਟ 195 ਹੋਰ ਲੋਕ ਰਹਿੰਦੇ ਸਨ। ਉਨ੍ਹਾਂ ਕਿਹਾ, ‘‘ਜੇਕਰ ਇਮਾਰਤ ’ਚ ਇੰਨੇ ਲੋਕ ਨਾ ਹੁੰਦੇ ਤਾਂ ਸ਼ਾਇਦ ਲੋਕ ਆਸਾਨੀ ਨਾਲ ਉੱਥੋਂ ਚਲੇ ਜਾਂਦੇ।’’
ਇਸ ਦੌਰਾਨ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਰਾਏ ਦੀ ਲਾਸ਼ ਲੈਣ ਲਈ ਦਿੱਲੀ ਗਏ ਹਨ। ਉਨ੍ਹਾਂ ਕਿਹਾ ਕਿ ਰਾਏ ਦੇ ਪਰਵਾਰ ਨੂੰ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕੀਤੀ ਜਾਵੇਗੀ। ਸੁਮਨਦੀਪ ਕੌਰ ਨੇ ਕਿਹਾ ਕਿ ਉਸ ਦੇ ਦੋ ਰਿਸ਼ਤੇਦਾਰ ਵੀ ਲਾਸ਼ ਲੈਣ ਲਈ ਦਿੱਲੀ ਗਏ ਸਨ ਅਤੇ ਉਨ੍ਹਾਂ ਦੇ ਅੱਜ ਸ਼ਾਮ ਤਕ ਵਾਪਸ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਸਸਕਾਰ ਸਨਿਚਰਵਾਰ ਨੂੰ ਕੀਤਾ ਜਾਵੇਗਾ।