
ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਸ਼ੁਕਰਵਾਰ ਪੀਜੀਆਈ ਤੋਂ ਡਿਸਚਾਰਜ ਕਰ ਦਿਤਾ ਗਿਆ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਦਿਲਪ੍ਰੀਤ ਨੂੰ ਸੈਕਟਰ-43 ...
ਚੰਡੀਗੜ੍ਹ: ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਸ਼ੁਕਰਵਾਰ ਪੀਜੀਆਈ ਤੋਂ ਡਿਸਚਾਰਜ ਕਰ ਦਿਤਾ ਗਿਆ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਦਿਲਪ੍ਰੀਤ ਨੂੰ ਸੈਕਟਰ-43 ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ ਦੋ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਗਿਆ ਹੈ। ਸਿਹਤ ਕਾਰਨਾਂ ਕਰ ਕੇ ਦਿਲਪ੍ਰੀਤ ਨੂੰ ਕੋਰਟ ਰੂਮ ਅੰਦਰ ਨਹੀਂ ਲਿਜਾਇਆ ਜਾ ਸਕਿਆ। ਦਿਲਪ੍ਰੀਤ ਨੂੰ ਐਂਬੂਲੈਂਸ ਵਿਚ ਹੀ ਰਖਿਆ ਗਿਆ ਸੀ।
ਸੈਕਟਰ-43 ਬੱਸ ਅੱਡੇ ਨੇੜੇ ਪੁਲਿਸ ਪਾਰਟੀ ਨਾਲ ਹੋਈ ਮੁਠਭੇੜ ਦਾ ਮਾਮਲਾ ਦਿਲਪ੍ਰੀਤ ਵਿਰੁਧ ਸੈਕਟਰ-36 ਪੁਲਿਸ ਥਾਣੇ ਵਿਚ ਦਰਜ ਕੀਤਾ ਗਿਆ ਹੈ। ਇਸ ਕਰ ਕੇ ਰੀਮਾਂਡ ਲੈਣ ਲਈ ਪੁਲਿਸ ਉਸ ਨੂੰ ਸੈਕਟਰ 36 ਦੇ ਥਾਣੇ ਵਿਚ ਲੈ ਕੇ ਗਈ ਹੈ। ਇਸ ਦੌਰਾਨ ਭਾਰੀ ਸੁਰੱਖਿਆ ਪ੍ਰਬੰਧਾਂ ਵਿਚ ਦਿਲਪ੍ਰੀਤ ਨੂੰ ਪੀਜੀਆਈ ਤੋਂ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਗਿਆ। ਪੁਲਿਸ ਨੇ ਦੋ ਦਿਨ ਦੇ ਰੀਮਾਂਡ ਦੀ ਮੰਗ ਕਰਦੇ ਹੋਏ ਅਦਾਲਤ ਵਿਚ ਕਿਹਾ ਕਿ ਮੁਲਜ਼ਮ ਤੋਂ ਸੈਕਟਰ-43 ਵਿਚ ਹੋਈ ਵਾਰਦਾਤ ਵਿਚ ਵਰਤੇ ਗਏ ਅਸਲੇ ਦੀ ਬਰਾਮਦਗੀ ਕਰਨੀ ਹੈ।
Dilpreet Baba
ਇਸ ਤੋਂ ਇਲਾਵਾ ਦਿਲਪ੍ਰੀਤ ਉਸ ਦਿਨ ਚੰਡੀਗੜ੍ਹ ਵਿਚ ਕੀ ਕਰਨ ਆਇਆ ਸੀ, ਇਸ ਬਾਰੇ ਵੀ ਪੁਛਗਿਛ ਕਰਨੀ ਹੈ। ਪੁਲਿਸ ਨੇ ਉਸ ਦੇ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਇਕੱਠੀ ਕਰਨੀ ਹੈ। ਪੁਲਿਸ ਨੇ ਇਹ ਦਲੀਲਾਂ ਦੇਕੇ ਅਦਾਲਤ ਤੋਂ ਦਿਲਪ੍ਰੀਤ ਦਾ ਰਿਮਾਂਡ ਦੇਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਅਪਰਾਧ ਸ਼ਾਖ਼ਾ ਨੇ ਇਕ ਆਪ੍ਰੇਸ਼ਨ ਚਲਾ ਕੇ ਚੰਡੀਗੜ੍ਹ ਦੇ ਸੈਕਟਰ-43 ਤੋਂ ਗ੍ਰਿਫ਼ਤਾਰ ਕੀਤਾ ਸੀ।
Dilpreet Singh
ਦਿਲਪ੍ਰੀਤ ਪੁਲਿਸ 'ਤੇ ਫ਼ਾਈਰਿੰਗ ਕਰ ਕੇ ਭੱਜਣਾ ਚਾਹੁੰਦਾ ਸੀ ਪਰ ਜਵਾਬੀ ਫ਼ਾਈਰਿੰਗ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਸੀ। ਉਸ ਦੇ ਪੈਰ ਵਿਚ ਗੋਲੀਆਂ ਲੱਗੀ ਸਨ ਅਤੇ ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਕ ਹੋਰ ਸੂਚਨਾ ਅਨੁਸਾਰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਕਾਬੂ ਕਰਨ ਵਾਲੀ ਚੰਡੀਗੜ੍ਹ ਅਪਰਾਧ ਸ਼ਾਖ਼ਾ ਨੂੰ ਸ਼ੁਕਰਵਾਰ ਡੀਜੀਪੀ ਸੰਜੇ ਬੈਨਿਵਾਲ ਨੇ ਨਗਦ ਇਨਾਮ ਅਤੇ ਸਲਾਘਾ ਪਤੱਰ ਦੇਕੇ ਸਨਮਾਨਤ ਕੀਤਾ। ਕ੍ਰਾਇਮ ਬ੍ਰਾਂਚ ਦੇ ਕੁੱਲ 20 ਪੁਲਿਸ ਕਰਮਚਾਰੀਆਂ ਨੂੰ ਡੀਜੀਪੀ ਨੇ ਸਨਮਾਨਤ ਕੀਤਾ।
ਜਿਸ ਵਿਚ ਡੀਐਸਪੀ ਅਮਰਾਉ ਸਿੰਘ ਅਤੇ ਅਪਰਾਧ ਸ਼ਾਖ਼ਾ ਮੁੱਖੀ ਅਮਨਜੋਤ ਸਿੰਘ ਸ਼ਾਮਲ ਹਨ। ਘਟਨਾ ਦੇ ਸਮੇਂ ਇੰਸਪੈਕਟਰ ਅਮਨਜੋਤ ਨੇ ਦਿਲਪ੍ਰੀਤ ਦੀ ਕਾਰ ਨੂੰ ਪਿਛੋਂ ਟੱਕਰ ਮਾਰਕੇ ਰੋਕਿਆ ਸੀ। ਉਸਤੋਂ ਬਾਅਦ ਦਿਲਪ੍ਰੀਤ ਨੇ ਨਾਕਾ ਲਗਾਈ ਖੜੀ ਪੁਲਿਸ ਪਾਰਟੀ ਦੇ ਗੋਲੀਆਂ ਚਲਾਈਆਂ ਸਨ ਅਤੇ ਜਵਾਬੀ ਫ਼ਾਇਰਿੰਗ ਵਿਚ ਦਿਲਪ੍ਰੀਤ ਦੇ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਸੀ।