
ਪੰਜਾਬ ’ਚ ਕੋਰੋਨਾ ਦਾ ਕਹਿਰ ਹੋਰ ਵਧਿਆ
ਚੰਡੀਗੜ੍ਹ, 13 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੇ ਅੰਕੜੇ ਵਿਚ ਤੇਜ਼ੀ ਨਾਲ ਉਛਾਲ ਆਉਣਾ ਸ਼ੁਰੂ ਹੋ ਗਿਆ ਹੈ। ਅੱਜ ਸ਼ਾਮ ਤਕ ਇਕੋ ਦਿਨ ਦੌਰਾਨ 400 ਤੋਂ ਵੱਧ ਹੋਰ ਪਾਜ਼ੇਟਿਵ ਕੇਸ ਆਏ ਹਨ ਜੋ ਸ਼ਾਇਦ ਹੁਣ ਤੱਕ ਦਾ ਇਕ ਦਿਨ ਦਾ ਰਿਕਾਰਡ ਅੰਕੜਾ ਹੈ। ਪਿਛਲੇ ਦਿਨਾਂ ਵਿਚ ਵੀ ਅੰਕੜਾ 250 ਤੋਂ 300 ਤਕ ਆਉਂਦਾ ਰਿਹਾ ਹੈ।
ਇਸੇ ਦੌਰਾਨ ਪੰਜ ਹੋਰ ਮੌਤਾਂ ਵੀ ਹੋਈਆਂ ਹਨ। ਇਨ੍ਹਾਂ ਵਿਚੋਂ 2 ਮੌਤਾਂ ਅੰਮ੍ਰਿਤਸਰ ਅਤੇ 3 ਜਲੰਧਰ ਵਿਚ ਹੋਈਆਂ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ ਹੁਣ ਤਕ ਸੱਭ ਤੋਂ ਵਧ 55 ਮੌਤਾਂ ਹੋ ਚੁੱਕੀਆਂ ਹਨ। ਲੁਧਿਆਣਾ ਵਿਚ 31 ਅਤੇ ਜਲੰਧਰ ਵਿਚ 28 ਮੌਤਾਂ ਹੋਈਆਂ ਹਨ। ਅੱਜ ਲੁਧਿਆਣਾ ਵਿਚ ਵੱਡਾ ਕੋਰੋਨਾ ਬਲਾਸਟ ਹੋਇਆ ਜਿਥੇ ਇਕੋ ਦਿਨ ਵਿਚ 116 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ।
File Photo
ਪਟਿਆਲਾ ਵਿਚ 88 ਅਤੇ ਜਲੰਧਰ ਵਿਚ ਵੀ 53 ਹੋਰ ਮਾਮਲੇ ਆਉਣ ਨਾਲ ਕੋਰੋਨਾ ਬਲਾਸਟ ਹੋਏ ਹਨ। ਠੀਕ ਹੋਣ ਵਾਲਿਆਂ ਦੀ ਗਿਣਤੀ 5586 ਹੋ ਗਈ ਹੈ। ਹੁਣ ਸੂਬੇ ਵਿਚ ਕੋਰੋਨਾ ਟੈਸਟਾਂ ਦੀ ਰਫ਼ਤਾਰ ਵੀ ਵਧੀ ਹੈ। ਅੱਜ ਤਕ ਕੁੱਲ 400944 ਸੈਂਪਲ ਲਏ ਜਾ ਚੁਕੇ ਹਨ। ਟੈਸਟ ਰੀਪੋਰਟਾਂ ਆਉਣ ਬਾਅਦ ਅੱਜ ਸ਼ਾਮ ਤਕ ਸੂਬੇ ਵਿਚ ਕੁਲ ਪਾਜ਼ੇਟਿਵ ਅੰਕੜਾ 8200 ਤੋਂ ਪਾਰ ਹੋ ਗਿਆ ਹੈ।
2388 ਮਰੀਜ ਇਸ ਸਮੇਂ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 69 ਦੀ ਹਾਲਤ ਗੰਭੀਰ ਹੈ। 57 ਆਕਸਜੀਨ ਅਤੇ 12 ਵੈਂਟੀਲੇਟਰ ਉਪਰ ਹਨ। ਪਟਿਟਾਲਾ ਵਿਚ ਅੱਜ ਇਕ ਨਾਇਬ ਤਹਿਸੀਲਦਾਰ ਅਤੇ ਐਕਸਾਈਜ਼ ਅਤੇ ਟੈਸਟੇਸ਼ਨ ਵਿਭਾਗ ਦੇ 12 ਮੁਲਾਜ਼ਮ ਵੀ ਪਾਜ਼ੇਟਿਵ ਆਏ ਹਨ। ਲੁਧਿਆਣਾ ਵਿਚ ਕੁੱਲ ਪਾਜ਼ੇਟਿਵ ਅੰਕੜਾ 1500 ਹੋ ਚੁੱਕਾ ਹੈ। ਜਲੰਘਰ ਵਿਚ 1276 ਅਤੇ ਅੰਮ੍ਰਿਤਸਰ ਵਿਚ 1087 ਹੈ।