
'ਦੂਜਾ ਵਿਆਹ ਕਰਵਾਉਣ ਲਈ ਪਤਨੀ ਮੰਗ ਰਹੀ ਤਲਾਕ'
ਲੁਧਿਆਣਾ (ਰਾਜਵਿੰਦਰ ਸਿੰਘ) ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਾਲਸਾ ਇਸ ਕਦਰ ਵਧ ਗਈ ਹੈ ਕਿ ਪਹਿਲਾਂ ਤਾਂ ਮਾਪੇ ਲੜਕੀਆਂ ਦਾ ਵਿਆਹ ਬਾਹਰੋਂ ਆਏ ਐੱਨਆਰਆਈ ਲਾੜਿਆਂ ਨਾਲ ਕਰ ਦਿੰਦੇ ਸਨ ਜੋ ਅਕਸਰ ਭੋਲੀ ਭਾਲੀਆਂ ਲੜਕੀਆਂ ਨੂੰ ਧੋਖਾ ਦੇ ਦਿੰਦੇ ਸਨ ਪਰ ਹੁਣ ਵਿਦੇਸ਼ 'ਚ ਵਸਣ ਦੇ ਨਾਂ ਤੇ 3600 ਦੇ ਕਰੀਬ ਲਾੜੀਆਂ ਨੇ ਬੀਤੇ 5 ਸਾਲਾਂ ਦੇ ਅੰਦਰ 150 ਕਰੋੜ ਰੁਪਏ ਦੀ ਆਪਣੇ ਸਹੁਰਾ ਪਰਿਵਾਰ ਨਾਲ ਠੱਗੀ ਮਾਰੀ ਹੈ।
SImran's daughter
ਛੇ ਮਹੀਨਿਆਂ ਵਿੱਚ ਹੀ ਅਜਿਹੇ 200 ਮਾਮਲੇ ਸਾਹਮਣੇ ਆਏ ਹਨ। ਵਿਦੇਸ਼ ਭੇਜਣ ਦੇ ਨਾਂ ਤੇ ਚਾਲੀ ਲੱਖ ਰੁਪਏ ਤੱਕ ਦਾ ਖਰਚਾ ਕਰਵਾ ਕੇ ਲਾੜੀਆਂ ਵਿਦੇਸ਼ ਜਾ ਕੇ ਮੁੱਕਰ ਜਾਂਦੀਆਂ ਹਨ। ਸਹੁਰਾ ਪਰਿਵਾਰ ਇਸ ਕਰਕੇ ਖ਼ਰਚਾ ਕਰਦਾ ਹੈ ਕਿ ਲਾੜੀ ਵਿਦੇਸ਼ ਜਾ ਕੇ ਉਨ੍ਹਾਂ ਦੇ ਬੇਟੇ ਨੂੰ ਵੀ ਉੱਥੇ ਸੱਦ ਲਵੇਗੀ। ਵਿਦੇਸ਼ ਮੰਤਰਾਲੇ ਕੋਲ 3300 ਸ਼ਿਕਾਇਤਾਂ ਆਈਆਂ ਹਨ ਜਿਨ੍ਹਾਂ ਵਿੱਚੋਂ 3000 ਸ਼ਿਕਾਇਤਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ।
Marriage
ਅਜਿਹਾ ਹੀ ਇਕ ਹੋਰ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਸਿਮਰਨ ਨਾਮ ਦੀ ਔਰਤ ਆਪਣੀ ਚਾਰ ਸਾਲ ਦੀ ਧੀ ਛੱਡ ਕੇ ਕੈਨੇਡਾ ਚਲੀ ਗਈ ਸੀ। ਮਾਂ ਜਦੋਂ ਬਾਹਰ ਗਈ ਤਾਂ ਬੱਚੀ ਨਾਲ ਵਾਅਦਾ ਕਰਕੇ ਗਈ ਸੀ ਕਿ ਤਿੰਨ ਮਹੀਨੇ ਦੇ ਅੰਦਰ ਉਸ ਨੂੰ ਬਾਹਰ ਸੱਦ ਲਵੇਗੀ ਪਰ ਦੋ ਸਾਲ ਬੀਤ ਜਾਣ ਮਗਰੋਂ ਵੀ ਬੱਚੀ ਅਤੇ ਬੱਚੀ ਦੇ ਪਿਓ ਨੂੰ ਬਾਹਰ ਤਾਂ ਕੀ ਸੱਦਣਾ ਸੀ ਸਗੋਂ ਉਨ੍ਹਾਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਬੱਚੀ ਆਪਣੀ ਮਾਂ ਲਈ ਤੜਪਦੀ ਹੈ ਅਤੇ ਉਸ ਨੂੰ ਯਾਦ ਕਰਦੀ ਰਹਿੰਦੀ ਹੈ।
Simran's daughter
ਸਿਮਰਨ ਦੇ ਪਤੀ ਨੇ ਦੱਸਿਆ ਕਿ ਕੈਨੇਡਾ ਜਾਣ ਤੋਂ ਬਾਅਦ ਕੁਝ ਸਮਾਂ ਤਾਂ ਉਹ ਸਹੀ ਤਰ੍ਹਾਂ ਉਨ੍ਹਾਂ ਨਾਲ ਗੱਲ ਕਰਦੀ ਰਹੀ ਪਰ ਉਸ ਤੋਂ ਬਾਅਦ ਉਸਦਾ ਅਤੇ ਉਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਫੋਨ ਨੰਬਰ ਬਲਾਕ ਕਰ ਦਿੱਤੇ। ਉਧਰ ਸਿਮਰਨ ਦੀ ਸੱਸ ਨੇ ਦੱਸਿਆ ਕਿ ਉਸ ਦਾ ਆਪਣੀ ਨੂੰਹ ਨਾਲ ਬਹੁਤ ਵਧੀਆ ਰਿਸ਼ਤਾ ਸੀ ਪਰ ਬਾਹਰ ਜਾ ਕੇ ਸ਼ਾਇਦ ਉਸ ਦੇ ਕਿਸੇ ਹੋਰ ਨਾਲ ਸਬੰਧ ਬਣ ਗਏ ਜਿਸ ਕਰਕੇ ਆਪਣੀ ਛੋਟੀ ਬੱਚੀ ਵੱਲ ਵੀ ਮੁੜ ਕੇ ਨਹੀਂ ਵੇਖਿਆ।
Simran's daughter
ਉਨ੍ਹਾਂ ਕਿਹਾ ਕਿ ਪਰਿਵਾਰ ਨੇ 25 ਲੱਖ ਰੁਪਿਆ ਖਰਚ ਕੇ ਉਸ ਨੂੰ ਬਾਹਰ ਭੇਜਿਆ ਸੀ। ਹੁਣ ਕੇਸ ਚੱਲ ਰਿਹਾ ਹੈ ਅਤੇ ਉਹ ਹੁਣ ਵੀ ਬੱਚੀ ਦੀ ਮਾਂ ਨੂੰ ਅਪਨਾਉਣ ਲਈ ਤਿਆਰ ਹਨ ਪਰ ਕੁੜੀ ਦਾ ਪਰਿਵਾਰ ਤਲਾਕ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਰਾ ਖਰਚਾ ਉਨ੍ਹਾਂ ਨੇ ਹੀਂ ਕੀਤਾ ਸੀ। ਲੜਕੇ ਦਾ ਪਰਿਵਾਰ ਝੂਠ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਪਣੀ ਬੇਟੀ ਨਾਲ ਉਸ ਦਾ ਤਲਾਕ ਚਾਹੁੰਦੇ ਹਨ ਪਰ ਉਹ ਆਪਣੀ ਦੋਹਤੀ ਨੂੰ ਅਪਣਾਉਣ ਲਈ ਤਿਆਰ ਹਨ।
Simran's parents