
ਡਾ. ਮਨਵਿੰਦਰ ਕੌਰ ਦੀ ਅੰਤਲੇ ਸਾਹਾਂ ਤਕ ਮਾਤਾ-ਪਿਤਾ ਨੂੰ ਮਿਲਣ ਦੀ ਇੱਛਾ ਸੀ ਪਰ...
ਕੋਟਕਪੂਰਾ, 13 ਅਗੱਸਤ (ਗੁਰਿੰਦਰ ਸਿੰਘ) : ਕੋਟਕਪੂਰੇ ਦੀ ਹੋਣਹਾਰ 32 ਸਾਲਾ ਡਾਕਟਰ ਲੜਕੀ ਦੀ ਨਿਊਜ਼ੀਲੈਂਡ ’ਚ ਬਲੱਡ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਮੌਤ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਭਾਵੇਂ ਡਾ. ਮਨਵਿੰਦਰ ਕੌਰ ਪਤਨੀ ਗਗਨਦੀਪ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਕੋਟਕਪੂਰਾ ਇਲਾਕੇ ’ਚ ਮਾਤਮ ਅਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ ਪਰ ਉਕਤ ਮਾਮਲੇ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਡਾ. ਮਨਵਿੰਦਰ ਕੌਰ ਅਪਣੇ ਕੋਟਕਪੂਰਾ ’ਚ ਰਹਿੰਦੇ ਮਾਤਾ-ਪਿਤਾ ਨੂੰ ਮਿਲਣਾ ਚਾਹੁੰਦੀ ਸੀ ਤੇ ਅੰਤਲੇ ਸਾਹਾਂ ਤਕ ਉਸਦਾ ਮੰਨਣਾ ਸੀ ਕਿ ਤਾਲਾਬੰਦੀ (ਲਾਕਡਾਉਨ) ਮੇਰੇ ਮਾਤਾ-ਪਿਤਾ ਨੂੰ ਨਿਊਜ਼ੀਲੈਂਡ ਪਹੁੰਚਣ ਤੋਂ ਨਹੀਂ ਰੋਕ ਸਕਦਾ, ਉਹ ਤਾਂ ਸਾਈਕਲ ਰਾਹੀਂ ਵੀ ਨਿਊਜ਼ੀਲੈਂਡ ਪਹੁੰਚ ਜਾਂਦੇ, ਜੇਕਰ ਰਸਤੇ ’ਚ ਸਮੁੰਦਰ ਨਾ ਹੁੰਦੇ।
Manwinder Kaur
ਮਿ੍ਰਤਕਾ ਡਾ. ਮਨਵਿੰਦਰ ਕੌਰ ਦੇ ਨਿਊਜ਼ੀਲੈਂਡ ’ਚ ਰਹਿੰਦੇ ਭਰਾ ਇੰਦਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਅੰਤਲੇ ਸਾਹਾਂ ਤਕ ਅਪਣੀ ਮੰਮੀ ਪ੍ਰਭਮਹਿੰਦਰ ਕੌਰ ਅਤੇ ਪਾਪਾ ਰਾਜਿੰਦਰ ਸਿੰਘ ਪੱਪੂ ਨੂੰ ਮਿਲਣ ਲਈ ਆਸਵੰਦ ਰਹੀ ਪਰ ਉਸਦੀ ਇਹ ਇੱਛਾ ਪ੍ਰਮਾਤਮਾ ਨੂੰ ਮੰਨਜੂਰ ਨਾ ਹੋਈ। ਉਨ੍ਹਾਂ ਦਸਿਆ ਕਿ ਮਹਿਜ਼ 5 ਸਾਲ ਪਹਿਲਾਂ ਆਕਲੈਂਡ (ਨਿਊਜ਼ੀਲੈਂਡ) ਵਿਖੇ ਗਈ ਡਾ. ਮਨਵਿੰਦਰ ਕੌਰ ਅਪਣੇ ਪਤੀ ਗਗਨਦੀਪ ਸਿੰਘ ਨਾਲ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੀ ਸੀ ਕਿ ਜਦੋਂ ਤਿੰਨ ਕੁ ਮਹੀਨੇ ਪਹਿਲਾਂ ਡਾਕਟਰਾਂ ਨੇ ਉਸ ਨੂੰ ਬਲੱਡ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਜਾਣੂ ਕਰਵਾਇਆ ਤਾਂ ਸਾਰੇ ਪਰਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ।
ਕਿਉਂਕਿ ਫ਼ਲਾਈਟਾਂ ਬੰਦ ਹੋਣ ਕਾਰਨ ਭਾਰਤ ਹੀ ਨਹੀਂ ਬਲਕਿ ਉਨ੍ਹਾਂ ਦੇ ਆਸਟੇ੍ਰਲੀਆ, ਅਮਰੀਕਾ, ਕੈਨੇਡਾ ਅਤੇ ਯੂ.ਕੇ. ਵਿਖੇ ਰਹਿੰਦੇ ਰਿਸ਼ਤੇਦਾਰ ਵੀ ਨਿਊਜ਼ੀਲੈਂਡ ਪਹੁੰਚਣ ਤੋਂ ਅਸਮਰੱਥ ਸਨ। ਕੁਦਰਤ ਦੀ ਅਜੀਬ ਵਿਡੰਮਣਾ ਹੈ ਕਿ ਭਾਵੇਂ ਸਾਇੰਸ ਦੀ ਤਰੱਕੀ ਕਰ ਕੇ ਰੋਜ਼ਾਨਾ ਮਾਪਿਆਂ ਦੀ ਅਪਣੀ ਬੇਟੀ ਨਾਲ ਵੀਡੀਉ ਕਾਲ ਰਾਹੀਂ ਗੱਲਬਾਤ ਹੁੰਦੀ ਰਹੀ ਪਰ ਉਨ੍ਹਾਂ ਨੂੰ ਮਿਲਣ ਦੀ ਇੱਛਾ ਦਿਲ ’ਚ ਲੈ ਕੇ ਹੀ ਡਾ. ਮਨਵਿੰਦਰ ਕੌਰ ਮਾਪਿਆਂ ਸਮੇਤ ਸਮੂਹ ਰਿਸ਼ਤੇਦਾਰਾਂ ਨੂੰ ਅਲਵਿਦਾ ਆਖ ਗਈ।