
ਰਿਸ਼ੀਕੇਸ-ਬਦਰੀਨਾਥ ਰਾਜਮਾਰਗ ’ਤੇ ਮਲਬਾ ਡਿੱਗਣ ਕਾਰਨ ਲਗਿਆ ਟ੍ਰੈਫ਼ਿਕ ਜਾਮ, ਫਸੇ ਕਈ ਵਾਹਨ
ਚਮੋਲੀ, 13 ਅਗੰਸਤ : ਪਹਾੜੀ ਖੇਤਰਾਂ ਵਿਚ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਸ਼ੁਕਰਵਾਰ ਨੂੰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਰਿਸ਼ੀਕੇਸ-ਬਦਰੀਨਾਥ ਰਾਸ਼ਟਰੀ ਰਾਜਮਾਰਗ ’ਤੇ ਪਹਾੜੀ ਮਲਬਾ ਡਿੱਗਣ ਕਾਰਨ ਲੰਮਾ ਟ੍ਰੈਫਿਕ ਜਾਮ ਲੱਗ ਗਿਆ।
ਮਲਬਾ ਡਿੱਗਣ ਕਾਰਨ ਵਾਹਨ ਫਸ ਗਏ ਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਰਾਤ ਨੂੰ ਚਮੋਲੀ ਵਿਚ ਭਾਰੀ ਮੀਂਹ ਦੇ ਕਾਰਨ ਰਿਸ਼ੀਕੇਸ-ਬਦਰੀਨਾਥ ਰਾਸ਼ਟਰੀ ਰਾਜਮਾਰਗ ਉੱਤੇ ਪਾਗਲਨਾਲੇ ਦੇ ਕੋਲ ਮਲਬਾ ਆ ਗਿਆ। ਇਸ ਕਾਰਨ ਇਥੇ ਸੜਕ ਪੂਰੀ ਤਰ੍ਹਾਂ ਬੰਦ ਸੀ। ਰਿਸ਼ੀਕੇਸ, ਦੇਹਰਾਦੂਨ ਅਤੇ ਹੋਰ ਖੇਤਰਾਂ ਤੋਂ ਆਉਣ ਅਤੇ ਜਾਣ ਵਾਲੇ ਲੋਕਾਂ ਨੂੰ ਇਥੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ੁਕਰਵਾਰ ਸਵੇਰੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕਰ ਦਿਤਾ ਗਿਆ ਸੀ ਅਤੇ ਹੁਣ ਮਸ਼ੀਨਾਂ ਲਗਾ ਕੇ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਥੇ ਰਾਜ ਦੇ ਟਰਾਂਸਪੋਰਟ ਵਿਭਾਗ ਦੀ ਬੱਸ ਵੀ ਮਲਬੇ ਵਿਚ ਫਸੀ ਹੋਈ ਹੈ, ਹਾਲਾਂਕਿ ਹੁਣ ਤਕ ਸਥਿਤੀ ਆਮ ਹੈ ਅਤੇ ਜਾਮ ਵਿਚ ਫਸੇ ਲੋਕ ਮਲਬੇ ਨੂੰ ਹਟਾਏ ਜਾਣ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਬਰਸਾਤੀ ਮੌਸਮ ਵਿਚ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣੇ ਹੀ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਥੇ ਸੜਕ ਤੋਂ ਲੰਘ ਰਹੇ ਵਾਹਨ ਮਲਬੇ ਹੇਠ ਆ ਗਏ ਸੀ।
(ਏਜੰਸੀ)