
ਮੁਖ਼ਤਾਰ ਅੰਸਾਰੀ ਦੀ ਪਤਨੀ ਅਫ਼ਸ਼ਾਂ ਅੰਸਾਰੀ ਦੀ ਜਾਇਦਾਦ ਜ਼ਬਤ
ਗਾਜੀਪੁਰ, 13 ਅਗੱਸਤ : ਜ਼ਿਲ੍ਹਾ ਪ੍ਰਸ਼ਾਸਨ ਨੇ ਸਨਿਚਰਵਾਰ ਨੂੰ ਫਤਿਹਹੁੱਲਹਪੁਰ 'ਚ ਬਾਹੁਬਲੀ ਸਾਬਕਾ ਵਿਧਾਇਕ ਮੁਖ਼ਤਾਰ ਅੰਸਾਰੀ ਦੀ ਪਤਨੀ ਦੇ ਮਾਲਿਕਾਨਾ ਹੱਕ ਵਾਲੀ 0.394 ਅਤੇ 1.507 ਹੈਕਟੇਅਰ ਜ਼ਮੀਨ ਜ਼ਬਤ ਕਰ ਲਈ, ਜਿਸ ਦੀ ਕੀਮਤ 6 ਕਰੋੜ ਤੋਂ ਵਧ ਦਸੀ ਗਈ ਹੈ | ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ | ਉਨ੍ਹਾਂ ਦਸਿਆ ਕਿ ਜ਼ਿਲ੍ਹਾ ਅਧਿਕਾਰੀ ਦੇ ਨਿਰਦੇਸ਼ 'ਤੇ ਗਿਰੋਹਬੰਦ ਐਕਟ ਦੇ ਅਧੀਨ ਇਹ ਜ਼ਮੀਨ ਜ਼ਬਤ ਕੀਤੀ ਗਈ ਹੈ |
ਪੁਲਿਸ ਅਨੁਸਾਰ, ਅਫਸ਼ਾਂ ਅੰਸਾਰੀ ਦੇ ਨਾਂ 'ਤੇ ਗ਼ੈਰ-ਕਾਨੂੰਨੀ ਕਮਾਈ ਨਾਲ ਖ਼ਰੀਦੀ ਗਈ ਗਾਜੀਪੁਰ ਸਦਰ ਦੇ ਰਜਦੇਪੁਰ ਵਿਚ ਸਥਿਤ 0.394 ਹੈਕਟੇਅਰ ਜ਼ਮੀਨ ਅਤੇ ਨੰਦਗੰਜ ਦੇ ਫਤਿਹੁੱਲਹਪੁਰ ਵਿਚ ਸਥਿਤ 1.507 ਹੈਕਟੇਅਰ ਜ਼ਮੀਨ ਨੂੰ ਨਿਯਮ ਅਨੁਸਾਰ ਮੁਨਾਦੀ ਕਰਵਾ ਕੇ ਪੁਲਿਸ ਸੁਪਰਡੈਂਟ (ਐੱਸ.ਪੀ.) ਰੋਹਨ ਪੀ ਬੋਤਰੇ ਦੀ ਅਗਵਾਈ 'ਚ ਮੌਕੇ 'ਤੇ ਭਾਰੀ ਪੁਲਿਸ ਫੋਰਸ ਨੇ ਗੈਂਗਸਟਰ ਐਕਟ ਦੇ ਅਧੀਨ ਸਨਿਚਰਵਾਰ ਨੂੰ ਜ਼ਬਤ ਕਰ ਲਈ | ਜ਼ਬਤ ਕੀਤੀ ਗਈ ਜ਼ਮੀਨ ਦੀ ਕੀਮਤ 6 ਕਰੋੜ 30 ਲੱਖ ਰੁਪਏ ਦਸੀ ਗਈ ਹੈ | ਜ਼ਿਲ੍ਹਾ ਅਧਿਕਾਰੀ ਮੰਗਲਾ ਪ੍ਰਸਾਦ ਸਿੰਘ ਦੇ ਆਦੇਸ਼ ਅਨੁਸਾਰ ਗੈਂਗਸਟਰ ਐਕਟ ਦੀ ਧਾਰਾ 14 (1) ਦੇ ਅਧੀਨ ਅੱਜ ਉਪਰੋਕਤ ਜਾਇਦਾਦ ਕੁਰਕ ਕੀਤੀ ਗਈ | ਮਊ ਸਦਰ ਵਿਧਾਨ ਸਭਾ ਖੇਤਰ ਤੋਂ 5 ਵਾਰ ਵਿਧਾਇਕ ਰਹਿ ਚੁਕੇ ਬਾਹੁਬਲੀ ਮੁਖ਼ਤਾਰ ਅੰਸਾਰੀ ਇਸ ਸਮੇਂ ਬਾਂਦਾ ਜੇਲ ਵਿਚ ਬੰਦ ਹੈ | (ਏਜੰਸੀ)