
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਵੀਸੀ) ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 15 ਦਿਨਾਂ ਵਿੱਚ ਆਪਣਾ ਪੱਖ ਰੱਖਣ ਲਈ ਸੱਦਾ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ। ਅੱਜ ਇਥੇ ਖਾਲਸਾ ਕਾਲਜ ਵਿਖੇ ਇਕ ਸਮਾਗਮ ਵਿਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਜਥੇਦਾਰ ਦਾ ਅਹੁਦਾ ਕਿਸੇ ਪ੍ਰਧਾਨ ਹੋਣ ਨਾਲੋਂ ਵੱਡਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੈਤਿਕ ਤੌਰ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ, ਸਿੰਘ ਸਾਹਿਬ ਦੀ ਪਦਵੀ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਥ ਦੇ ਵੱਡੇ ਹਿੱਤਾਂ ਲਈ ਸਾਨੂੰ ਇਕਜੁੱਟ ਹੋਣ ਦਾ ਵੇਲਾ ਹੈ, ਵੱਖਰੇ ਚੁੱਲ੍ਹੇ ਬਾਲਣ ਦਾ ਨਹੀਂ। ਉਨ੍ਹਾਂ ਕਿਹਾ ਕਿ ਦੋ ਦਸੰਬਰ 2024 ਦੇ ਆਦੇਸ਼ਾਂ ਦੀ ਇਨ-ਬਿੰਨ ਪਾਲਣਾ ਨਹੀਂ ਹੋਈ।
ਸਿੱਖ ਵਿਲੱਖਣਤਾ ਬਾਰੇ ਵਿਵਾਦਿਤ ਟਿੱਪਣੀ ਦੇ ਮਾਮਲੇ ਵਿੱਚ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਵੀਸੀ) ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 15 ਦਿਨਾਂ ਵਿੱਚ ਆਪਣਾ ਪੱਖ ਰੱਖਣ ਲਈ ਸੱਦਾ ਜਾਰੀ ਕੀਤਾ ਗਿਆ ਹੈ। ਸਿੱਖ ਸੰਸਥਾਵਾਂ, ਸਿੱਖ ਵਿਦਿਆਰਥੀਆਂ ਅਤੇ ਸੰਗਤਾਂ ਵੱਲੋਂ ਮਿਲੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ। ਸ਼ਿਕਾਇਤਾਂ ਵਿੱਚ ਇੱਕ ਵੀਡੀਓ ਰੀਲ ਵੀ ਸ਼ਾਮਲ ਹੈ, ਜਿਸ ਵਿੱਚ ਵੀਸੀ ਵੱਲੋਂ ਗੁਰਮਤ ਬਾਰੇ ਅਣੁਚਿਤ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਏ ਗਏ ਹਨ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਪਸ਼ਟ ਕੀਤਾ ਕਿ ਸਿੱਖ ਕੌਮ ਦੀ ਵਿਲੱਖਣਤਾ, ਪਹਿਚਾਣ ਅਤੇ ਵੱਖਰੀ ਹਸਤੀ ਗੁਰੂ ਸਾਹਿਬਾਂ ਦੀ ਬਖ਼ਸ਼ਿਸ਼ ਹੈ। ਇਸ ‘ਤੇ ਸਵਾਲ ਚੁੱਕਣ ਵਾਲੇ ਕਿਸੇ ਵੀ ਵਿਅਕਤੀ ਨੂੰ ਤਖਤ ਸਾਹਿਬ ਪਹਿਲਾਂ ਵੀ ਸੱਦਦਾ ਆ ਰਿਹਾ ਹੈ ਤਾਂ ਜੋ ਉਹ ਆਪਣਾ ਪੱਖ ਰੱਖ ਸਕੇ। ਜਥੇਦਾਰ ਨੇ ਕਿਹਾ ਕਿ ਇਹ ਮਾਮਲਾ ਪਿਛਲੇ ਦੋ–ਤਿੰਨ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਹਾਲਾਂਕਿ ਮੂਲ ਗੱਲ ਤੋਂ ਇਲਾਵਾ ਇੱਕ ਵੱਖਰਾ “ਚੁੱਲਾ” ਬਣਦਾ ਦਿੱਖ ਰਿਹਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 2 ਦਸੰਬਰ 2024 ਦੇ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦੀ ਮੂਲ ਭਾਵਨਾ ਸਾਰੇ ਧੜਿਆਂ ਨੂੰ ਇਕੱਠੇ ਕਰਕੇ ਪੰਥ ਦੇ ਵੱਡੇ ਹਿਤਾਂ ਲਈ ਇੱਕ ਮੁੱਠ ਬਣਾਉਣ ਦੀ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਲੜਾਈ ਪੰਥ ਦੀ ਨਹੀਂ, ਧੜਿਆਂ ਦੀ ਹੈ। ਇਸਨੂੰ ਪੰਥ ਦੀ ਲੜਾਈ ਕਹਿਣਾ ਗਲਤ ਹੈ। ਅਕਾਲ ਤਖਤ ਸਾਹਿਬ ਸਾਰੇ ਧੜਿਆਂ ਦਾ ਹੈ ਅਤੇ ਸਭ ਨੂੰ ਇਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਕਮਨਾਮਿਆਂ ਦੀ ਡਰਾਫਟਿੰਗ ਪੰਜ ਸਿੰਘ ਸਾਹਿਬਾਨ ਗੁਰਮਤ ਦੀ ਰੌਸ਼ਨੀ ਵਿੱਚ ਵਿਚਾਰ ਕਰਨ ਤੋਂ ਬਾਅਦ ਕਰਦੇ ਹਨ, ਨਾ ਕਿ ਕਿਸੇ ਇੱਕ ਵਿਅਕਤੀ ਦੀ ਮਰਜ਼ੀ ਨਾਲ। “ਜੇ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਨੀ, ਤਾਂ ਅਕਾਲ ਤਖਤ ਸਾਹਿਬ ਦਾ ਨਾਮ ਸਿਆਸੀ ਲਾਭਾਂ ਲਈ ਨਹੀਂ ਵਰਤਣਾ ਚਾਹੀਦਾ,” ਜਥੇਦਾਰ ਨੇ ਕਿਹਾ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਹਾਲੀਆ ਵਰਤਾਰੇ ਵਿੱਚ ਹਰ ਧੜੇ ਨੇ ਆਪਣੇ ਨਿੱਜੀ ਸਿਆਸੀ ਮੁਫ਼ਾਦਾਂ ਨੂੰ ਤਰਜੀਹ ਦਿੱਤੀ ਹੈ, ਜਿਸ ਨਾਲ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢੀਸ ਪਹੁੰਚੀ ਹੈ। ਗ੍ਰੰਥੀ ਸਿੰਘਾਂ ਦੀ ਸਿਆਸਤ ਵਿੱਚ ਸ਼ਮੂਲੀਅਤ ਬਾਰੇ ਪੁੱਛੇ ਗਏ ਸਵਾਲ ‘ਤੇ ਜਥੇਦਾਰ ਨੇ ਕਿਹਾ ਕਿ ਮੀਰੀ-ਪੀਰੀ ਦੇ ਸਿਧਾਂਤ ਤਹਿਤ ਧਾਰਮਿਕ ਅਤੇ ਜ਼ਮੀਨੀ ਹੱਕਾਂ ਦੀ ਲੜਾਈ ਇਕੱਠੇ ਲੜੀ ਜਾ ਸਕਦੀ ਹੈ, ਪਰ ਪੰਥਕ ਏਕਤਾ ਸਭ ਤੋਂ ਵੱਡੀ ਪ੍ਰਾਥਮਿਕਤਾ ਰਹਿਣੀ ਚਾਹੀਦੀ ਹੈ।
ਇਸ ਮੌਕੇ ਜਥੇਦਾਰ ਨੇ ਇੱਕ ਹੋਰ ਗੰਭੀਰ ਮਸਲੇ ‘ਤੇ ਵੀ ਚਿੰਤਾ ਜਤਾਈ ਓਹਨਾ ਕਿਹਾ ਕਿ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਨਾਲ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਰਾਹੀਂ ਕੀਤੀ ਜਾਣ ਵਾਲੀ ਛੇੜਛਾੜ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਏਆਈ ਮਾਹਰਾਂ ਨੂੰ ਸੱਦ ਕੇ ਇਸ ਮਾਮਲੇ ‘ਤੇ ਠੋਸ ਰੋਕਥਾਮ ਦੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਕੋਈ ਵੀ ਵਿਅਕਤੀ ਧਾਰਮਿਕ ਸਥਾਨਾਂ ਦੀ ਮੂਲ ਬਣਾਵਟ ਨਾਲ ਛੇੜਛਾੜ ਨਾ ਕਰ ਸਕੇ। “ਖਾਸਕਰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿੱਥੇ ਸਾਰੀ ਦੁਨੀਆ ਤੋਂ ਮਨੁੱਖਤਾ ਤੇ ਗੁਰੂ ਸਾਹਿਬਾਂ ਨੂੰ ਪਿਆਰ ਕਰਨ ਵਾਲੇ ਲੋਕ ਆਉਂਦੇ ਹਨ, ਉੱਥੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ,” ਉਨ੍ਹਾਂ ਨੇ ਸਪਸ਼ਟ ਕੀਤਾ। ਜਥੇਦਾਰ ਨੇ ਸਰਕਾਰਾਂ ਤੋਂ ਵੀ ਮੰਗ ਕੀਤੀ ਕਿ ਧਾਰਮਿਕ ਸਥਾਨਾਂ ਨਾਲ ਏਆਈ ਰਾਹੀਂ ਛੇੜਛਾੜ ਕਰਨ ਵਾਲਿਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਖਾਲਸਾ ਪੰਥ ਕਿਸੇ ਧਮਕੀ ਤੋਂ ਨਹੀਂ ਡਰਦਾ ਅਤੇ ਕੌਮ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹੇਗਾ।