
ਭਾਜਪਾ ਮਨਾਏਗੀ ਪੰਡਤ ਦੀਨਦਿਆਲ, ਮੋਦੀ ਅਤੇ ਮਹਾਤਮਾ ਗਾਂਧੀ ਦਾ ਜਨਮ ਦਿਨ : ਗੁਪਤਾ
ਅੱਜ ਤੋਂ 2 ਅਕਤੂਬਰ ਤਕ ਮਨਾਏਗੀ ਸੇਵਾ ਹਫ਼ਤਾ
ਚੰਡੀਗੜ੍ਹ, 13 ਸਤੰਬਰ (ਨੀਲ ਭਲਿੰਦਰ ਸਿੰਘ): ਭਾਰਤੀ ਜਨਤਾ ਪਾਰਟੀ ਦੇ ਸੰਗਠਨ ਸਿਰਫ਼ ਸੇਵਾ ਦੇ ਨਾਹਰੇ ਹੇਠ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਚਿੰਤਕ, ਕਾਰਕੁਨ ਅਤੇ ਜਨ ਸੰਘ ਦੇ ਸੰਸਥਾਪਕ ਪੰਡਤ ਦੀਨ ਦਿਆਲ ਉਪਾਧਿਆਏ, ਵਿਸ਼ਵ ਦੇ ਪ੍ਰਸਿੱਧ ਨੇਤਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ, ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿਚ ਇਨ੍ਹਾਂ ਪ੍ਰੋਗਰਾਮਾਂ ਨੂੰ ਸੇਵਾ ਹਫ਼ਤੇ ਦੇ ਰੂਪ ਵਿਚ ਮਨਾਉਣ ਜਾ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ 'ਤੇ ਪੰਜਾਬ ਭਰ ਵਿਚ ਸੇਵਾ ਦਾ ਕੰਮ 14 ਸਤੰਬਰ ਤੋਂ 2 ਅਕਤੂਬਰ ਤਕ ਕੀਤਾ ਜਾਵੇਗਾ। ਇਸ ਸੇਵਾ ਹਫ਼ਤੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 70ਵਾਂ ਜਨਮ ਦਿਨ ਹੈ। ਇਸ ਕੜੀ ਵਿਚ, ਸੇਵਾ ਹਫ਼ਤੇ ਦੌਰਾਨ, ਸੂਬੇ ਭਰ ਵਿਚ ਭਾਜਪਾ ਦੇ ਹਰ ਇਕ ਮੰਡਲ ਵਿਚ ਅਪਾਹਜਾਂ ਨੂੰ ਵੱਖ-ਵੱਖ ਕਿਸਮਾਂ ਦੇ ਨਕਲੀ ਅੰਗ ਅਤੇ ਉਪਕਰਣ, ਗ਼ਰੀਬ ਭਰਾਵਾਂ ਅਤੇ ਭੈਣਾਂ ਨੂੰ ਐਨਕਾਂ, ਹਰ ਜ਼ਿਲ੍ਹੇ ਦੀਆਂ ਗ਼ਰੀਬ ਬਸਤੀਆਂ ਅਤੇ ਹਸਪਤਾਲਾਂ ਵਿਚ ਫਲ ਵੰਡਣੇ, ਯੁਵਾ ਮੋਰਚਾ ਵਲੋਂ ਖ਼ੂਨਦਾਨ ਕੈਂਪ ਲਗਾਉਣ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਵੈਬਿਨਾਰਾਂ ਦੁਆਰਾ ਵਿਸ਼ਾਲ ਵਰਚੁਅਲ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਜਾਵੇਗਾ।