
ਪਲਾਟ ਉਤੇ ਉਸਾਰੀ ਨੂੰ ਲੈ ਕੇ ਜਲਾਲਾਬਾਦ ਵਿਚ ਖ਼ੂਨੀ ਝੜਪ, ਸਕੇ ਭਰਾਵਾਂ ਨੂੰ ਮਾਰੀ ਗੋਲੀ
ਜਲਾਲਾਬਾਦ, 13 ਸਤੰਬਰ (ਪਪ): ਸ਼ਹਿਰ ਦੇ ਕੰਮਿਊਨਿਟੀ ਹਾਲ ਨੇੜੇ ਥਾਣਾ ਸਿਟੀ ਤੋਂ ਮਹਿਜ਼ 50 ਮੀਟਰ ਦੀ ਦੂਰੀ ਉਤੇ ਪਲਾਟ ਉਤੇ ਚੱਲ ਰਹੀ ਉਸਾਰੀ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ। ਇਹ ਮਾਮਲਾ ਇਥੋਂ ਤਕ ਵੱਧ ਗਿਆ ਕਿ ਇਸ ਦੌਰਾਨ ਗੋਲੀਬਾਰੀ ਵੀ ਕੀਤੀ ਗਈ। ਇਸ ਘਟਨਾ ਵਿਚ ਦੋ ਭਰਾਂਵਾਂ ਸਮੇਤ ਤਿੰਨ ਲੋਕ ਜ਼ਖ਼ਮੀ ਹੋਏ ਹਨ, ਜਿੰਨ੍ਹਾਂ ਨੂੰ ਜ਼ੇਰੇ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਮਲਾਵਰ ਫ਼ਰਾਰ ਦਸੇ ਜਾ ਰਹੇ ਹਨ। ਜ਼ਖ਼ਮੀਆਂ ਵਿਚ ਬਲਵਿੰਦਰ ਸਿੰਘ ਅਤੇ ਜੋਗਿੰਦਰ ਅਤੇ ਦੂਜੀ ਧਿਰ ਦੇ ਕਸ਼ਮੀਰ ਸਿੰਘ ਸ਼ਾਮਲ ਹਨ।
ਸਿਵਲ ਹਸਪਤਾਲ ਜ਼ਖ਼ਮੀ ਬਲਵਿੰਦਰ ਸਿੰਘ ਨੇ ਦਸਿਆ ਕਿ ਉਸ ਦਾ ਇਕ ਪਲਾਟ ਕੰਮਿਊਨਿਟੀ ਹਾਲ ਦੇ ਪਿਛਵਾੜੇ ਪਿਆ ਸੀ ਜਿਸ ਉਤੇ ਐਤਵਾਰ ਸਵੇਰੇ ਉਸ ਨੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਕਰੀਬ 9 ਵਜੇ ਪਿੰਡ ਸ਼ੇਰ ਮੁਹੰਮਦ ਦੇ ਕਸ਼ਮੀਰ ਸਿੰਘ ਪੁੱਤਰ ਜਾਗਰ ਸਿੰਘ ਅਪਣੇ ਤਿੰਨ ਪੁੱਤਰਾਂ ਜਿੰਨ੍ਹਾਂ ਵਿਚ ਇਕ ਪੁੱਤਰ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ ਅਤੇ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਲੈ ਕੇ ਉਸਾਰੀ ਵਾਲੀ ਥਾਂ ਉਤੇ ਪੁੱਜਾ। ਇਨ੍ਹਾਂ ਕੋਲ 12 ਬੋਰ ਬੰਦੂਕ, ਪਿਸਤੌਲ, ਕਾਪੇ, ਕ੍ਰਿਪਾਨਾ ਸਨ, ਆਉਂਦਿਆਂ ਹੀ ਇਨ੍ਹਾਂ ਨੇ ਹਮਲਾ ਸ਼ੁਰੂ ਕਰ ਦਿਤਾ। ਇਸ ਘਟਨਾ ਦੌਰਾਨ ਅਸੀਂ ਦੋਵੇਂ ਭਰਾ ਫ਼ੱਟੜ ਹੋ ਗਏ ਅਤੇ ਬਾਅਦ ਵਿਚ ਲੋਕਾਂ ਦੇ ਇਕੱਠ ਹੋਣ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਉਧਰ ਘਟਨਾ ਵਾਲੀ ਥਾਂ ਉਤੇ 12 ਬੋਰ ਬੰਦੂਕ ਦਾ ਖੋਲ੍ਹ ਵੀ ਮਿਲਿਆ ਹੈ।
ਏ. ਐੱਸ. ਆਈ. ਪ੍ਰਿਤਪਾਲ ਸਿੰਘ ਨੇ ਦਸਿਆ ਕਿ ਹਸਪਤਾਲ ਵਿਚ ਬਲਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਦੋਵਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਜੋ ਬਿਆਨ ਲਿਖਵਾਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜਦ ਉਨ੍ਹਾਂ ਨੂੰ ਹਮਲਾਵਰਾਂ ਨੂੰ ਫੜਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਕੋਈ ਸੰਤੁਸ਼ਟ ਜਵਾਬ ਨਹੀਂ ਦਿਤਾ।
image