
ਵਜੀਫ਼ੇ ਦੀ ਰਕਮ ਨਾ ਮਿਲਣ ਕਾਰਨ ਵਿਦਿਆਰਥੀਆਂ ਦੀ ਖੱਜਲ-ਖੁਆਰੀ ਵਧੀ
ਚੰਡੀਗੜ੍ਹ : ਵਜੀਫ਼ਾ ਘਪਲੇ ਦਾ ਸੇਕ ਦਲਿਤ ਵਿਦਿਆਰਥੀਆਂ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਵਜੀਫ਼ਾ ਨਾ ਮਿਲਣ ਕਾਰਨ ਜ਼ਿਆਦਾਤਰ ਦਲਿਤ ਵਿਦਿਆਰਥੀ ਅਪਣੀਆਂ ਫ਼ੀਸਾਂ ਜਮ੍ਹਾ ਕਰਵਾਉਣ ਤੋਂ ਅਸਮਰੱਥ ਹਨ। ਉਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਚਿੱਠੀ ਭੇਜ ਕੇ ਸੂਚਿਤ ਕੀਤਾ ਹੈ ਕਿ ਜਦੋਂ ਤਕ ਉਹ ਫੀਸਾਂ ਦੀ ਬਕਾਇਆ ਰਾਸ਼ੀ ਜਮ੍ਹਾ ਨਹੀਂ ਕਰਵਾਉਂਦੇ, ਉਦੋਂ ਤਕ ਉਨ੍ਹਾਂ ਨੂੰ ਡਿਗਰੀਆਂ ਨਹੀਂ ਦਿਤੀਆਂ ਜਾਣਗੀਆਂ।
GNDU
ਸ਼੍ਰੋਮਣੀ ਅਕਾਲੀ ਦਲ ਨੇ ਵਿਦਿਆਰਥੀਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਯੂਨੀਵਰਸਿਟੀ ਦੇ ਵੀਸੀ ਤਕ ਪਹੁੰਚ ਕਰ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਦਿਤੇ ਜਾਣ ਦੀ ਮੰਗ ਕੀਤੀ ਹੈ। ਅੱਜ ਅਕਾਲੀ ਦਲ ਦੇ ਉੱਚ ਪੱਧਰੀ ਵਫ਼ਦ ਨੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਨੂੰ ਮੈਮੋਰੰਡਮ ਸੌਂਪਦਿਆਂ ਮੰਗ ਕੀਤੀ ਕਿ ਅਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਡਿਗਰੀਆਂ ਦਿਤੀਆਂ ਜਾਣ ਤਾਂ ਜੋ ਉਹ ਅਗਲੇਰੀ ਪੜ੍ਹਾਈ ਜਾਰੀ ਰੱਖ ਸਕਣ ਜਾਂ ਫੇਰ ਕਿਤੇ ਨੌਕਰੀ ਹਾਸਲ ਕਰ ਸਕਣ।
Gulzar Singh Ranike
ਅਕਾਲੀ ਦਲ ਦੇ ਐਸਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠਲੇ ਇਸ ਵਫ਼ਦ ਵਿਚ ਆਦਮਪੁਰ ਤੋਂ ਅਕਾਲੀ ਵਿਧਾਇਕ ਤੇ ਸੀਨੀਅਰ ਪਾਰਟੀ ਆਗੂ ਪਵਨ ਟੀਨੂੰ ਸਮੇਤ ਅਨੇਕਾਂ ਮੌਜੂਦਾ ਤੇ ਸਾਬਕਾ ਵਿਧਾਕ ਸ਼ਾਮਿਲ ਸਨ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰ ਨੂੰ ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ਲਈ 309 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ ਜਦਕਿ ਸੂਬਾ ਸਰਕਾਰ ਇਹ ਰਾਸ਼ੀ ਵਿਦਿਆਰਥੀਆਂ ਨੂੰ ਮੁਹੱਈਆ ਨਹੀਂ ਕਰਵਾ ਰਹੀ।
sadhu singh dharamsot
ਇਸ ਦਾ ਖਮਿਆਜ਼ਾ ਦਲਿਤ ਵਿਦਿਆਰਥੀਆਂ ਨੂੰ ਭੁਗਤਦਾ ਪੈ ਰਿਹਾ ਹੈ, ਜਿਨ੍ਹਾਂ ਨੂੰ ਫ਼ੀਸਾਂ ਦਾ ਬਕਾਇਆ ਨਾ ਭਰਨ ਕਾਰਨ ਡਿਗਰੀਆਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਯੂਨੀਵਰਸਿਟੀ ਦੇ ਪਹਿਲਾਂ ਫ਼ੀਸਾਂ ਜਮ੍ਹਾ ਕਰਵਾਉਣ ਦੀ ਸ਼ਰਤ ਕਾਰਨ ਦਸ ਹਜ਼ਾਰ ਤੋਂ ਵਧੇਰੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਡੱਟ ਕੇ ਸਾਥ ਦੇਵੇਗਾ।