
ਆਮ ਆਦਮੀ ਪਾਰਟੀ ਦੇ ਪ੍ਰਗਟਾਵੇ ਤੋਂ ਬਾਅਦ ਸਰਕਾਰ ਨੇ ਕਿੱਟਾਂ ਦੇ ਰੇਟ ਕੀਤੇ ਅੱਧੇ : ਅਮਨ ਅਰੋੜਾ
to
ਸੁਨਾਮ ਊਧਮ ਸਿੰਘ ਵਾਲਾ, 13 ਸਤੰਬਰ (ਦਰਸ਼ਨ ਸਿੰਘ ਚੌਹਾਨ): ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕੋਰੋਨਾ ਵਾਇਰਸ ਦੌਰਾਨ ਕੋਰੋਨਾ ਮਰੀਜ਼ਾਂ ਲਈ ਕੋਵਿਡ ਕੇਅਰ ਕਿੱਟਾਂ ਖ਼ਰੀਦਣ ਦਾ ਮਾਮਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿੱਥੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿੱਟਾਂ ਖ਼ਰੀਦਣ ਵਿਚ ਸਾਢੇ 4 ਕਰੋੜ ਰੁਪਏ ਦੇ ਘਪਲੇ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਕਿੱਟਾਂ ਦੇ ਰੇਟ 1700 ਰੁਪਏ ਪ੍ਰਤੀ ਕਿੱਟ ਤੋਂ ਘਟਾ ਕੇ 748 ਰੁਪਏ ਪ੍ਰਤੀ ਕਿੱਟ ਕਰ ਦਿਤੇ ਗਏ ਅਤੇ ਵਿਧਾਇਕ ਅਮਨ ਅਰੋੜਾ ਦੇ ਦੋਸ਼ਾਂ ਨੂੰ ਹਾਸੋਹੀਣਾ ਕਰਾਰ ਦਿਤਾ, ਜਿਸ 'ਤੇ ਪਲਟਵਾਰ ਕਰਦਿਆਂ ਵਿਧਾਇਕ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕ ਹਿੱਤਾਂ ਲਈ ਕੈਪਟਨ ਸਰਕਾਰ ਵਿਚ ਹੁੰਦੇ ਘਪਲਿਆਂ ਦਾ ਪਰਦਾਫ਼ਾਸ਼ ਕਰਦੀ ਰਹੇਗੀ ਤੇ ਸਾਢੇ 4 ਕਰੋੜ ਰੁਪਏ ਦੇ ਇਸ ਹੋਣ ਵਾਲੇ ਘਪਲੇ ਦਾ ਅਗਾਊਂ ਪਰਦਾਫ਼ਾਸ਼ ਕਰਨਾ ਆਮ ਆਦਮੀ ਪਾਰਟੀ ਦੀ ਜਿੱਤ ਹੈ।
ਅਰੋੜਾ ਨੇ ਕਿਹਾ ਮੁੱਖ ਮੰਤਰੀ ਵਲੋਂ ਉਨ੍ਹਾਂ ਵਿਰੁਧ ਇਹ ਕਹਿਣਾ ਕਿ ਘਪਲਾ ਹੋਣ ਤੋਂ ਪਹਿਲਾਂ ਹੀ ਅਰੋੜਾ ਵਲੋਂ ਰੌਲਾ ਪਾਉਣਾ ਬੇਤੁਕਾ ਹੈ ਦੇ ਜਵਾਬ ਵਿਚ ਅਰੋੜਾ ਨੇ ਕਿਹਾ ਕਿ ਘਪਲਾ ਹੋਣ ਤੋਂ ਬਾਅਦ ਵਿਚ ਮਸਲਾ ਚੁਕਣ 'ਤੇ ਕਿਹੜਾ ਸਰਕਾਰ ਨੇ ਮੰਨ ਜਾਣਾ ਸੀ ਅਤੇ ਖ਼ਜ਼ਾਨੇ ਨੂੰ ਚੂਨਾ ਲਗਣੋਂ ਵੀ ਨਾ ਬਚ ਪਾਉਂਦਾ। ਅਗਾਊਂ ਮਸਲਾ ਚੁਕਣ ਨਾਲ ਜਾਗਰੂਕ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਘਪਲਿਆਂ ਦੀ ਸਰਕਾਰ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਰਾਜ ਵਿਚ ਹੋਏ ਸੈਂਕੜੇ ਕਰੋੜਾਂ ਦੇ ਸਕਾਲਰਸ਼ਿਪ ਘੋਟਾਲਾ, ਬੀਜ ਘੋਟਾਲਾ, ਬਿਜਲੀ ਘੋਟਾਲਾ ਅਤੇ ਸ਼ਰਾਬ ਘੋਟਾਲਾ ਆਦਿ ਕਈ ਤਰ੍ਹਾਂ ਦੇ ਘਪਲਿਆਂ ਨੂੰ ਘਪਲੇ ਮੰਨਣ ਲਈ ਤਿਆਰ ਨਹੀਂ ਹਨ।
ਪਰ ਹੁਣ ਜਦੋਂ ਆਮ ਆਦਮੀ ਪਾਰimageਟੀ ਨੇ ਕਵਿਡ ਕੇਅਰ ਕਿੱਟਾਂ ਦੀ ਖ਼ਰੀਦ ਮਾਮਲੇ 'ਚ ਘਪਲੇ ਦਾ ਖਦਸ਼ਾ ਜ਼ਾਹਰ ਕੀਤਾ ਤਾਂ ਉਨ੍ਹਾਂ ਤੁਰਤ ਇਸ ਦੇ ਰੇਟ ਘਟਾ ਦਿਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅੰਦਰ ਮਾਫੀਆ ਰਾਜ ਵਲੋਂ ਸਰਕਾਰੀ ਖ਼ਜ਼ਾਨੇ ਦੀ ਕੀਤੀ ਜਾ ਰਹੀ ਲੁੱਟ ਤੋਂ ਅਣਜਾਣ ਹਨ ਜਾਂ ਫਿਰ ਮਿਲੀਭੁਗਤ ਨਾਲ ਇਨ੍ਹਾਂ ਘਪਲਿਆਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ।