
ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਯੂ-ਟਰਨ ਲੈਣ 'ਤੇ ਸ਼੍ਰੋਮਣੀ ਅਕਾਲੀ ਦਲ ਚੁਫੇਰਿਉਂ ਘਿਰਿਆ
ਕਿਸਾਨ ਯੂਨੀਅਨਾਂ ਵਿਚ ਅਪਣੀ ਸ਼ਾਖ ਬਚਾਉਣ ਖ਼ਾਤਰ ਦਾ ਢਕਵੰਜ ਰਚਿਆ : ਕੈਪਟਨ ਅਮਰਿੰਦਰ ਸਿੰਘ
to
ਚੰਡੀਗੜ•, 13 ਸਤੰਬਰ (ਨੀਲ ਭਾਲਿੰਦਰ ਸਿੰਘ) : ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਯੂ-ਟਰਨ ਲੈਣ 'ਤੇ ਸ਼੍ਰੋਮਣੀ ਅਕਾਲੀ ਦਲ ਸੂਬਾਈ ਸਿਆਸਤ ਵਿਚ ਚੁਫੇਰਿਉਂ ਘਿਰ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਲਈ ਖੇਤੀ ਆਰਡੀਨੈਂਸਾਂ 'ਤੇ ਅਪਣੇ ਪਹਿਲੇ ਸਟੈਂਡ ਤੋਂ ਅਚਾਨਕ ਪਲਟਣ (ਯੂ ਟਰਨ) ਦੇ ਕਦਮ ਨੂੰ ਢਕਵੰਜ ਕਰਾਰ ਦਿਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ ਨੂੰ ਇਸ ਮਸਲੇ 'ਤੇ ਅਪਣੀ ਪਾਰਟੀ ਦੀ ਕਿਸਾਨਾਂ ਪ੍ਰਤੀ ਸੰਜੀਦਗੀ ਸਿੱਧ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਸਾਥ ਛੱਡਣ ਦੀ ਚੁਣੌਤੀ ਦਿਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿਚ ਗਠਜੋੜ ਸਰਕਾਰ ਦਾ ਭਾਈਵਾਲ ਹੋਣ ਦੇ ਨਾਤੇ ਆਰਡੀਨੈਂਸ ਲਿਆਉਣ ਵਿਚ ਅਕਾਲੀ ਦਲ ਵੀ ਸ਼ਾਮਲ ਹੈ ਅਤੇ ਇਥੋਂ ਤਕ ਕਿ ਇਨ੍ਹਾਂ ਨੇ ਆਰਡੀਨੈਂਸਾਂ ਦੀ ਬਿਨਾਂ ਸ਼ਰਤ ਹਮਾਇਤ ਵੀ ਕੀਤੀ ਸੀ। ਮੁੱਖ ਮੰਤਰੀ ਨੇ ਇਸ ਮੁੱਦੇ 'ਤੇ ਅਕਾਲੀਆਂ ਵਲੋਂ ਦੂਹਰੇ ਮਾਪਦੰਡ ਅਪਣਾਉਣ ਲਈ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਪੁਛਿਆ ਕਿ ਜਦੋਂ ਵੀ ਕੇਂਦਰ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਵਿਚ ਪਾਸ ਕਰਵਾਉਣ ਲਈ ਪੇਸ਼ ਕਰੇਗੀ ਤਾਂ ਕੀ ਅਕਾਲੀ ਲੀਡਰ ਇਨ੍ਹਾਂ ਵਿਰੁਧ ਵੋਟ ਪਾਉਣ ਲਈ ਤਿਆਰ ਹੈ?
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰ ਸਰਕਾਰ ਨੂੰ ਕੀਤੀ ਅਖੌਤੀ ਅਪੀਲ ਨੂੰ ਬੇਹੂਦਗੀ ਕਰਾਰ ਦਿਤਾ ਜਿਸ ਨੇ ਤਿੰਨਾਂ ਕੇਂਦਰੀ ਖੇਤੀ ਆਰਡੀਨੈਂਸਾਂ ਬਾਰੇ ਕਿਸਾਨ ਜਥੇਬੰਦੀਆਂ ਦੇ ਤੌਖਲੇ ਦੂਰ ਹੋਣ ਤੱਕ ਇਨ੍ਹਾਂ ਨੂੰ ਪ੍ਰਵਾਨਗੀ ਲਈ ਸੰਸਦ ਵਿੱਚ ਪੇਸ਼ ਨਾ ਕਰਨ ਲਈ ਕਿਹਾ ਗਿਆ ਸੀ।
ਮੁੱਖ ਮੰਤਰੀ ਨੇ ਸੁਖਬੀਰ ਦੇ ਉਸ ਦਾਅਵੇ ਨੂੰ ਯਾਦ ਕੀਤਾ ਜਦੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵਲੋਂ ਇਸ ਮੁੱਦੇ 'ਤੇ ਜੂਨ ਵਿੱਚ ਸੱਦੀ ਸਰਬ ਪਾਰਟੀ ਮੀਟਿੰਗ ਵਿੱਚ ਅਕਾਲੀ ਲੀਡਰ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸਾ ਦਿੱਤਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਇਹ ਗੱਲ ਹੁਣ ਜੱਗ ਜ਼ਾਹਰ ਹੋ ਗਈ ਅਕਾਲੀ ਦਲ ਦੇ ਪ੍ਰਧਾਨ ਨੇ ਉਸ ਮੌਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਜਾਣਬੁੱਝ ਕੇ ਝੂਠ ਬੋਲਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਪਿਛਲੇ ਰਿਕਾਰਡ ਨੂੰ ਵੇਖਦਿਆਂ ਇਸ ਮੁੱਦੇ 'ਤੇ ਉਹ ਜੋ ਵੀ ਕਹਿ ਰਹੇ ਹਨ, ਉਸ ਉਪਰ ਭਰੋਸਾ ਜਾਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਨੇ ਸੂਬੇ ਨਾਲ ਜੁੜੇ ਹੋਰ ਵੱਡੇ ਮੁੱਦਿਆਂ ਵਿਚ ਸੀ.ਏ.ਏ/ਐਨ.ਸੀ.ਆਰ 'ਤੇ ਅਕਾਲੀ ਦਲ ਦੇ ਰੁਖ਼ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਦੋਹਰੇ ਮਾਪਦੰਡਾਂ ਨੂੰ ਛੱਡਣ ਦੀ ਬਜਾਏ ਇਸ ਨੂੰ ਅਪਣੀ ਆਦਤ ਬਣਾ ਲਿਆ ਹੈ। ਉਨ੍ਹਾਂ ਕਿਹਾ, “ਜਦੋਂ ਆਰਡੀਨੈਂਸ ਲਿਆਂਦੇ ਜਾ ਰਹੇ ਸਨ ਤਾਂ ਉਹ ਕੀ ਕਰ ਰਹੇ ਸਨ? ਉਨ੍ਹਾਂ ਇਤਰਾਜ਼ ਕਿਉਂ ਨਹੀਂ ਕੀਤਾ? ਆਖ਼ਰਕਾਰ, ਉਹ ਇਨ੍ਹਾਂ ਆਰਡੀਨੈਂਸਾਂ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਦਾ ਹਿੱਸਾ ਹਨ?”
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਨੂੰ 'ਆਰਡੀਨੈਂਸਾਂ 'ਤੇ ਜਲਦਬਾਜ਼ੀ ਨਾ ਕਰਨ' ਦੀ ਅਪੀਲ ਕਰਨ ਸਬੰਧੀ ਅਚਾਨਕ ਲਏ ਗਏ ਫ਼ੈਸਲੇ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ, ਜਿਸ ਵਿਚ ਤਕਰੀਬਨ 18 ਮਹੀਨੇ ਰਹਿ ਗਏ ਹਨ, ਨੂੰ ਵੇਖਦਿਆਂ ਕਿਸਾਨ ਯੂਨੀਅਨਾਂ/ਸੰਗਠਨਾਂ ਦੀ ਨਜ਼ਰ ਵਿਚ ਅਪਣਾ ਅਕਸ ਸੁਧਾਰਨ ਦੀ ਉਨ੍ਹਾਂ ਦੀ ਨਿਰਾਸ਼ਾ ਸਾਫ਼ ਝਲਕਦੀ ਹੈ। ਕਿਸਾਨਾਂ ਦੇ ਹਿੱਤਾਂ ਨੂੰ ਬੁਰੀ ਤਰ੍ਹਾਂ ਦਰਕਿਨਾਰ ਕਰਨ ਤੋਂ ਬਾਅਦ ਅਕਾਲੀਆਂ ਹੁਣ ਨਵੇਂ ਪੈਂਤੜੇ ਨਾਲ ਅਪਣੇ ਮਾੜੇ ਕੰਮਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੁਖਬੀਰ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੇ ਬਿਆਨ ਕਿ ਇਸ ਮੁੱਦੇ 'ਤੇ ਆਉਣ ਵਾਲੇ ਦਿਨਾਂ ਵਿਚ ਸ਼ੋਮਣੀ ਅਕਾਲੀ ਦਲ ਸਮਾਨ ਵਿਚਾਰ ਵਾਲੀਆਂ ਪਾਰਟੀਆਂ ਨਾਲ ਗੱਲਬਾਤ ਕਰੇਗਾ, ਨੂੰ ਝੂਠਾ ਕਹਿ ਕੇ ਪੂਰੀ ਤਰ੍ਹਾਂ ਨਕਾਰ ਦਿਤਾ ਹੈ। ਉਨ੍ਹਾਂ ਸਵਾਲ ਕੀਤਾ, “ਕਾਂਗਰਸ ਸਮੇਤ ਸਮਾਨ ਸੋਚ ਵਾਲੀਆਂ ਪਾਰਟੀਆਂ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਜੂਨ ਵਿਚ ਆਰਡੀਨੈਂਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਸੀ। ਉਹ ਉਦੋਂ ਕੀ ਕਰ ਰਹੇ ਸਨ? ਉਦੋਂ ਉਨ੍ਹਾਂ ਸਾਡੇ ਸਟੈਂਡ ਦਾ ਸਮਰਥਨ ਕਿਉਂ ਨਹੀਂ ਕੀਤਾ?”
ਮੁੱਖ ਮੰਤਰੀ ਨੇ ਕਿਸਾਨਾਂ ਦੀ ਚਿੰਤਾ ਸਬੰਧੀ ਵਿਚਾਰ-ਵਟਾਂਦਰੇ ਲਈ ਕੇਂਦਰ ਸਰਕਾਰ ਨੂੰ ਮਿਲਣ ਵਾਸਤੇ ਸੁਖਬੀਰ ਦੀ ਅਗਵਾਈ ਹੇਠ ਇਕ ਵਫ਼ਦ ਭੇਜਣ ਬਾਰੇ ਅਕਾਲੀ ਦਲ ਦੇ ਫ਼ੈਸਲੇ ਨੂੰ ਹਾਸੋਹੀਣਾ ਕਰਾਰ ਦਿਤਾ। ਇਸ ਸਬੰਧੀ ਅਕਾਲੀਆਂ ਦੇ ਇੰਨੀ ਦੇਰ ਬਾਅਦ ਜਾਗਣ 'ਤੇ ਸਵਾਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੱਕ ਪਹੁੰਚ ਕਰਨ ਦਾ ਫ਼ੈਸਲਾ ਸਰਬ ਪਾਰਟੀ ਨੇ ਜੂਨ ਵਿਚ ਹੀ ਲਿਆ ਸੀ।