
ਅਪਲਾਈ ਕਰਨ ਲਈ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਨ : ਚੰਨੀ
ਚੰਡੀਗੜ੍ਹ, 13 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਘਰ ਘਰ ਰੁਜ਼ਗਾਰ ਅਤੇ ਕਰੋਬਾਰ ਮਿਸ਼ਨ ਤਹਿਤ 24 ਸਤੰਬਰ ਤੋਂ 30 ਸਤੰਬਰ ਤੱਕ 6ਵਾਂ ਸੂਬਾ ਪਧਰੀ ਮੈਗਾ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਸਰਕਾਰੀ ਵੈਬ ਪੋਰਟਲ 'ਤੇ ਨੌਕਰੀ ਤਲਾਸ਼ ਰਹੇ ਨੌਜਵਾਨਾਂ ਪਾਸੋਂ 55,000 ਤੋਂ ਵੱਧ ਅਰਜ਼ੀਆਂ ਪਹਿਲਾਂ ਹੀ ਪ੍ਰਾਪਤ ਹੋ ਚੁਕੀਆਂ ਹਨ ਪਰ ਪੋਰਟਲ 'ਤੇ ਆਉਣ ਵਾਲੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕੁਝ ਤਕਨੀਕੀ ਨੁਕਸ ਪੈਣ ਕਾਰਨ ਇਹ ਪੋਰਟਲ ਪਿਛਲੇ ਦੋ ਦਿਨਾਂ ਤੋਂ ਹੌਲੀ ਕੰਮ ਕਰ ਰਿਹਾ ਹੈ।
ਇਸ ਸਬੰਧੀ ਪੰਜਾਬ ਦੇ ਰੁਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਤਕਨੀਕੀ ਖ਼ਾਮੀ ਜਲਦ ਨੂੰ ਜਲਦ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਜਿਨ੍ਹਾਂ ਨੇ ਪੋਰਟਲ ਤੇ ਆਨਲਾਈਨ ਅਪਲਾਈ ਨਹੀਂ ਕੀਤਾ ਹੈ, ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 6ਵੇਂ ਸੂਬਾ ਪੱਧਰੀ ਮੈਗਾ ਰੁਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਲਈ ਆਪਣੇ ਜ਼ਿਲ੍ਹੇ ਦੇ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਦੇ ਦਫ਼ਤਰ ਨਾਲ ਸੰਪਰਕ ਕਰਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਉਮੀਦਵਾਰ ਪੋਰਟਲ 'ਤੇ ਤਾਂ ਰਜਿਸਟਰਡ ਹਨ ਪਰ ਇਸ ਮੈਗਾ ਰੁਜ਼ਗਾਰ ਮੇਲੇ ਵਿਚ ਉਪਲੱਬਧ ਅਸਾਮੀਆਂ ਲਈ ਵਿਸ਼ੇਸ਼ ਤੌਰ 'ਤੇ ਬਿਨੈ ਨਹੀਂ ਦਿੱਤਾ, ਉਹ ਅਸਾਮੀਆਂ ਸਬੰਧੀ ਆਪਣੀ ਚੋਣ ਬਾਰੇ ਜ਼ਿਲ੍ਹਾ ਬਿਊਰੋ ਦੇ ਦਫ਼ਤਰ ਨੂੰ ਦੱਸ ਸਕਦੇ ਹਨ। ਜ਼ਿਲ੍ਹਾ ਬਿਊਰੋ ਦੇ ਦਫ਼ਤਰਾਂ ਤਕ ਹੈਲਪਲਾਈਨ ਨੰਬਰਾਂ ਜ਼ਰੀਏ ਅਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ।
ਚੰਨੀ ਨੇ ਅੱਗੇ ਦਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ 1100 ਤੋਂ ਵੱਧ ਨਿਯੋਜਕ ਹਿੱਸਾ ਲੈਣਗੇ ਜਿਨ੍ਹਾਂ ਵਲੋਂ ਤਕਰੀਬਨ 90,000 ਅਸਾਮੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀimage ਕਿ ਉਹ ਰੁਜ਼ਗਾਰ ਪ੍ਰਾਪਤ ਕਰਨ ਲਈ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਰੋਜ਼ਗਾਰ ਉਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਾ ਪ੍ਰਸਾਸਨਾਂ ਵੱਲੋਂ ਬੇਰੁਜਗਾਰ ਨੌਜਵਾਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਸਬੰਧੀ ਜਾਗਰੂਕ ਕੀਤਾ ਜਾ ਸਕੇ।