
ਕੇਂਦਰ ਤੋਂ ਕੋਰੋਨਾ ਵਿਰੁਧ ਲੜਾਈ ਵਿਚ ਬਣਦੀ ਮਦਦ ਤੇ ਜੀ.ਐਸ.ਟੀ. ਤੇ ਮਨਰੇਗਾ ਦੇ ਪੈਸੇ ਦੀ ਗ਼ੈਰ ਹਾਜ਼ਰੀ ਵਿਚ ਸੁਭਾਵਕ ਹੈ ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਕਾਂਗਰਸ ਪਾਰਟੀ ਵਲੋਂ ਪੰਜਾਬ ਮਾਮਲਿਆਂ ਬਾਰੇ ਨਵ-ਨਿਯੁਕਤ ਇੰਚਾਰਜ ਹਰੀਸ਼ ਰਾਵਤ, ਸਾਬਕਾ ਮੁੱਖ ਮੰਤਰੀ ਉਤਰਾਖੰਡ ਨਾਲ 'ਰੋਜ਼ਾਨਾ ਸਪੋਕਸਮੈਨ' ਦੇ ਵਿਸ਼ੇਸ਼ ਪ੍ਰਤੀਨਿਧ ਨੀਲ ਭਲਿੰਦਰ ਸਿੰਘ ਨੇ ਨਵੀਂ ਦਿੱਲੀ ਤੋਂ ਟੈਲੀਫ਼ੋਨ 'ਤੇ ਵਿਸ਼ੇਸ਼ ਇੰਟਰਵਿਊ ਕੀਤੀ।
ਸਵਾਲ: ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਪਰ ਕਾਂਗਰਸ ਲਈ ਇਕ ਚੰਗੀ ਗੱਲ ਇਹ ਹੈ ਕਿ ਕੋਈ ਮਜ਼ਬੂਤ ਵਿਰੋਧੀ ਧਿਰ ਨਹੀਂ ਹੈ। ਆਮ ਆਦਮੀ ਪਾਰਟੀ ਦੋਫਾੜ ਹੋ ਚੁੱਕੀ ਹੈ ਤੇ ਅਕਾਲੀ ਦਲ ਬੜੀ ਹੀ ਕਮਜ਼ੋਰ ਸਥਿਤੀ ਵਿਚੋਂ ਲੰਘ ਰਿਹਾ ਹੈ। ਇਨ੍ਹਾਂ ਹਾਲਾਤ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ?
ਜਵਾਬ: ਇਹ ਸਾਡੇ ਲਈ ਵਾਹਿਗੁਰੂ ਜੀ ਦਾ ਪ੍ਰਸਾਦ ਹੈ ਕਿ ਅਸੀਂ ਪੰਜਾਬ ਵਿਚ ਇਕ ਮਜ਼ਬੂਤ ਤੇ ਚੰਗੀ ਸਰਕਾਰ ਦੇ ਰਹੇ ਹਾਂ ਉਸ ਨੂੰ ਹੋਰ ਅੱਛਾ ਕਰਨ ਦੀ ਵੀ ਕੋਸ਼ਿਸ਼ ਕਰਾਂਗੇ।
Harish Rawat
ਸਵਾਲ : ਪਰ ਰਾਵਤ ਜੀ ਇਕ ਦੂਜਾ ਪਹਿਲੂ ਇਹ ਵੀ ਹੈ ਕਿ ਲੋਕ ਆਮ ਹੀ ਗੱਲਾਂ ਕਰ ਰਹੇ ਹਨ ਕਿ ਕਾਂਗਰਸ ਨੇ ਅਪਣੇ ਚੋਣ ਮਨੋਰਥ ਪੱਤਰ ਦੇ ਵਾਅਦੇ ਪੂਰੇ ਨਹੀਂ ਕੀਤੇ, ਖ਼ਾਸਕਰ ਕਿਸਾਨ ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਬੇਅਦਬੀ ਦੇ ਇਨਸਾਫ਼ ਜਿਹੇ ਮੁੱਦੇ?
ਜਵਾਬ: ਇਹ ਸੱਭ ਕੁੱਝ ਮੇਰੇ ਧਿਆਨ ਵਿਚ ਹੈ। ਪਰ ਹਾਲਾਤ ਇਹ ਹਨ ਕਿ ਪਿਛਲੇ ਡੇਢ ਸਾਲਾਂ ਤੋਂ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਵਿਗੜੀ ਹੈ। ਉਸ ਦਾ ਅਸਰ ਪੰਜਾਬ 'ਤੇ ਵੀ ਪਿਆ ਹੈ। ਕੇਂਦਰ ਦੀ ਆਰਥਕਤਾ ਰਸਾਤਲ ਵਿਚ ਚਲੀ ਗਈ ਹੈ। ਇਸ ਦਾ ਅਸਰ ਰਾਜਾਂ ਦੇ ਆਰਥਕ ਹਾਲਾਤ 'ਤੇ ਪਿਆ ਹੈ। ਸੋ ਅਜਿਹੇ ਵਿਚ ਰਾਜਾਂ ਵਿਚ ਬੇਰੁਜ਼ਗਾਰੀ ਵੀ ਵਧੀ ਹੈ।
GST
ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਨੂੰ ਤਾਂ ਜੀ.ਐਸ.ਟੀ ਕੰਪਨਸੇਸ਼ਨ ਦੇ ਰੂਪ ਵਿਚ ਮਿਲਣ ਵਾਲਾ ਇਕ ਵੱਡਾ ਹਿੱਸਾ ਹੀ ਨਹੀਂ ਮਿਲਿਆ, ਮਨਰੇਗਾ ਦਾ ਪੈਸਾ ਵੀ ਨਹੀਂ ਮਿਲਿਆ। ਕੋਰੋਨਾ ਨਾਲ ਲੜਾਈ ਲੜਨ ਵਿਚ ਜੋ ਮਦਦ ਮਿਲਣੀ ਚਾਹੀਦੀ ਸੀ ਉਹ ਪੰਜਾਬ ਨੂੰ ਨਹੀਂ ਮਿਲੀ। ਸੋ ਅਜਿਹੇ ਵਿਚ ਸੁਭਾਵਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੀਜ਼ਾਂ ਨੂੰ ਅੱਗੇ ਵਧਾਉਣ ਵਿਚ ਮੁਸ਼ਕਲ ਆ ਰਹੀ ਹੋਵੇਗੀ ਪਰ ਸਾਡੇ ਧਿਆਨ ਵਿਚ ਅਪਣੇ ਮੈਨੀਫ਼ੈਸਟੋ ਵਿਚ ਕਹੀਆਂ ਗੱਲਾਂ ਹਨ ਤੇ ਪ੍ਰਾਥਮਿਕਤਾ ਵਿਚ ਬਣੀਆਂ ਰਹਿਣਗੀਆਂ।
Congress
ਸਵਾਲ : ਤੁਸੀਂ ਪੰਜਾਬ ਕਦੋਂ ਆ ਰਹੇ ਹੋ?
ਜਵਾਬ : ਮੈਂ ਹਾਲ ਦੀ ਘੜੀ ਤਾਂ ਦਿੱਲੀ ਵਿਖੇ ਹੀ ਹਾਂ। ਪਾਰਲੀਮੈਂਟ ਦੇ ਸੈਸ਼ਨ ਦੌਰਾਨ ਪੰਜਾਬ ਨਾਲ ਸਬੰਧਤ ਅਪਣੀ ਪਾਰਟੀ ਦੇ ਐਮਪੀਜ਼ ਨੂੰ ਮਿਲਾਂਗਾ। ਉਨ੍ਹਾਂ ਨਾਲ ਪੰਜਾਬ ਬਾਰੇ ਵਿਚਾਰ ਵਟਾਂਦਰਾ ਕਰਾਂਗਾ। ਉਂਝ ਵੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਕਿਹਾ ਹੈ ਕਿ ਉਹ ਇਕ ਪ੍ਰੋਗਰਾਮ ਮੈਨੂੰ ਤਜਵੀਜ਼ ਕਰਨ। ਪੰਜਾਬ ਦੀ ਜ਼ਮੀਨੀ ਸਥਿਤੀ ਨੂੰ ਵੇਖਦੇ ਹੋਏ ਅਗਲਾ ਪ੍ਰੋਗਰਾਮ ਬਣਾਇਆ ਜਾਏਗਾ। ਹਾਲ ਦੀ ਘੜੀ ਪ੍ਰਦੇਸ਼ ਕਮੇਟੀ ਵਲੋਂ ਮੈਨੂੰ ਪ੍ਰੋਗਰਾਮ ਨਹੀਂ ਮਿਲਿਆ।
Sunil Jakhar
ਸਵਾਲ : ਪੰਜਾਬ ਵਿਚ ਜਥੇਬੰਦਕ ਢਾਂਚਾ ਬੜੇ ਲੰਮੇ ਸਮੇਂ ਤੋਂ ਭੰਗ ਕੀਤਾ ਹੋਇਆ ਹੈ। ਇਕੱਲੇ ਸੁਨੀਲ ਜਾਖੜ ਹੀ ਪ੍ਰਧਾਨ ਹਨ। ਸੂਬੇ ਵਿਚ ਪਾਰਟੀ ਕਾਡਰ ਵਿਚ ਇਹ ਗੱਲ ਇਕ ਵੱਡਾ ਸਵਾਲ ਬਣਿਆ ਹੋਇਆ ਹੈ, ਕਿਉਂਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਹਨ। ਤੁਸੀਂ ਕੀ ਕਰਨ ਜਾ ਰਹੇ ਹੋ ਇਸ ਪਾਸੇ ਵੱਲ?
ਜਵਾਬ: ਵੇਖੋ ਇਹ ਮੇਰੀ ਪ੍ਰਾਥਮਿਕਤਾ ਹੈ ਕਿ ਜੋ ਕੁੱਝ ਹੋਣਾ ਲੋੜੀਂਦਾ ਹੈ ਉਸ ਨੂੰ ਤਰਜੀਹੀ ਤੌਰ 'ਤੇ ਕੀਤਾ ਜਾਵੇਗਾ।
Navjot sidhu
ਸਵਾਲ: ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਬੜੇ ਸ਼ੰਕੇ ਬਣੇ ਹੋਏ ਹਨ। ਤੁਸੀਂ ਸਿੱਧੂ ਦੇ ਪਾਰਟੀ ਅੰਦਰ ਭਵਿੱਖ ਬਾਰੇ ਕੀ ਰਾਏ ਰੱਖਦੇ ਹੋ?
ਜਵਾਬ: ਵੇਖੋ ਨਵਜੋਤ ਸਿੰਘ ਸਿੱਧੂ ਜੀ ਪਾਰਟੀ ਦੇ ਇਕ ਅੱਛੇ ਭਵਿੱਖ ਦੀਆਂ ਸੰਭਾਵਨਾਵਾਂ ਹਨ। ਅਸੀਂ ਸੱਭ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਵੱਡਾ ਆਦਰ ਵੀ ਕਰਦੇ ਹਾਂ। ਮੈਂ ਜਲਦ ਹੀ ਪਾਰਟੀ ਦੇ ਪੰਜਾਬ ਨਾਲ ਸਬੰਧਤ ਸੱਭ ਨੇਤਾਵਾਂ ਨਾਲ ਗੱਲ ਕਰਾਂਗਾ, ਇਸ ਵਿਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹਨ।
Partap Bajwa, Shamsher Dullo
ਸਵਾਲ: ਇਕੱਲੇ ਸਿੱਧੂ ਹੀ ਨਹੀਂ, ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੀ ਕਾਫ਼ੀ ਵਖਰੇ ਚਲ ਰਹੇ ਹਨ। ਉਨ੍ਹਾਂ ਸੋਨੀਆ ਗਾਂਧੀ ਜੀ ਨੂੰ ਪੱਤਰ ਵੀ ਲਿਖੇ ਹਨ?
ਜਵਾਬ: ਮੇਰੇ ਕੋਲ ਇਸ ਤਰ੍ਹਾਂ ਦੀ ਹਾਲੇ ਤਕ ਕੋਈ ਗੱਲ ਨਹੀਂ ਆਈ । ਬਾਜਵਾ ਜੀ ਤੇ ਦੂਲੋਂ ਜੀ ਸਾਡੇ ਸੀਨੀਅਰ ਤੇ ਅਨੁਭਵੀ ਨੇਤਾ ਹਨ। ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਉਹ ਮੇਰੇ ਨਾਲ ਜ਼ਰੂਰ ਗੱਲ ਕਰਨਗੇ।