
ਸਰਵੇ ਲਈ ਚੁਣੇ ਗਏ ਵਿਦਿਆਰਥੀਆਂ ਵਿਚ ਜ਼ਿਆਦਾਤਰ ਪੋਸਟ ਗ੍ਰੇਜੂਏਟ ਦੇ ਵਿਦਿਆਰਥੀ ਹਨ,
ਚੰਡੀਗੜ੍ਹ: ਪੰਜਾਬ ਵਿਚ ਨਸ਼ੇ ’ਤੇ ਨਕੇਲ ਕੱਸਣ ਲਈ ਜੂਨ ਮਹੀਨੇ ਵਿਚ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਦੀਆਂ 26 ਜੇਲਾਂ 'ਚ 29916 ਕੈਦੀਆਂ ਦੀ ਸਕ੍ਰੀਨਿੰਗ ਕੀਤੀ, ਜਿਨ੍ਹਾਂ 'ਚੋਂ 14 ਹਜ਼ਾਰ 100 (46 ਫੀਸਦੀ) ਨਸ਼ੇ ਦੇ ਆਦੀ ਪਾਏ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਨਸ਼ਿਆਂ ਦੀ ਦਲਦਲ ਵਿਚ ਫਸੇ ਕੈਦੀਆਂ ਵਿਚ ਮਹਿਲਾਵਾਂ ਵੀ ਸ਼ਾਮਲ ਹਨ। ਜੇਲ 'ਚ ਬੰਦ ਇਹ ਕੈਦੀ ਨਸ਼ੇ ਦੇ ਚੁੰਗਲ 'ਚ ਕਿਵੇਂ ਫਸੇ? ਜੇਲ੍ਹ 'ਚ ਨਸ਼ਾ ਕੌਣ ਦਿੰਦਾ ਹੈ? ਜੇਲ ਅੰਦਰ ਨਸ਼ਿਆਂ ਖਿਲਾਫ ਸ਼ਿਕੰਜਾ ਕੱਸਣ ਦੇ ਨਾਲ-ਨਾਲ ਨਸ਼ੇ ਦੇ ਆਦੀ ਕੈਦੀਆਂ ਨੂੰ ਵੀ ਮੁੱਖ ਧਾਰਾ ਵਿਚ ਲਿਆਉਣ ਲਈ ਐਸਟੀਐਫ ਨੇ 12 ਸਤੰਬਰ ਤੋਂ ਨਸ਼ਿਆਂ ਵਿਰੁੱਧ ਵਿਆਪਕ ਕਾਰਵਾਈ ਦੇ ਤਹਿਤ ਕੈਦੀਆਂ ਦੀ ਨਸ਼ਿਆਂ ਦੀ ਵਰਤੋਂ ਅਤੇ ਇਲਾਜ ਸਰਵੇਖਣ 2022 ਦੀ ਸ਼ੁਰੂਆਤ ਕੀਤੀ।
ਖਾਸ ਗੱਲ ਇਹ ਹੈ ਕਿ ਐਸਟੀਐਫ ਨੇ ਇਸ ਪ੍ਰਾਜੈਕਟ ਲਈ ਸਰਵੇ ਦੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ 57 ਵਿਦਿਆਰਥੀਆਂ ਨੂੰ ਸੌਂਪੀ ਹੈ। ਕੁੱਲ੍ਹ ਸਰਵੇ ਵਰਕ ਟੀਮ ਵਿਚ 350 ਮੈਂਬਰ ਹਨ। ਇਹਨਾਂ ਵਿਚ ਆਈਐਸਬੀ ਮੁਹਾਲੀ ਅਤੇ ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ ਦੇ ਵਿਦਿਆਰਥੀ ਸ਼ਾਮਲ ਹਨ। ਐਸਟੀਐਫ ਨੇ ਇਹਨਾਂ ਸਾਰੇ 57 ਵਿਦਿਆਰਥੀਆਂ ਨੂੰ ਇਸ ਸਰਵੇਖਣ ਲਈ ਭੇਜਣ ਤੋਂ ਪਹਿਲਾਂ ਸਿਖਲਾਈ ਦਿੱਤੀ ਹੈ। ਸਰਵੇ ਲਈ ਚੁਣੇ ਗਏ ਵਿਦਿਆਰਥੀਆਂ ਵਿਚ ਜ਼ਿਆਦਾਤਰ ਪੋਸਟ ਗ੍ਰੇਜੂਏਟ ਦੇ ਵਿਦਿਆਰਥੀ ਹਨ, ਜਿਨ੍ਹਾਂ ਨੂੰ ਇੰਟਰਵਿਊਅਰ ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਵੇ ਟੀਮ ਵਿਚ ਪੀਐਚਡੀ ਦੇ ਵਿਦਿਆਰਥੀ ਹਨ, ਜੋ ਸੁਪਰਵਾਈਜ਼ਰ ਵਜੋਂ ਸਰਵੇਖਣ ਕਰਨਗੇ।
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿਚ ਪ੍ਰੋਫੈਸਰ ਡਾ. ਮਨਦੀਪ ਕੋਰ ਨੇ ਕਿਹਾ ਕਿ ਭਾਰਤ ਭਰ ਵਿਚ ਇਹ ਪਹਿਲਾ ਅਜਿਹਾ ਪ੍ਰਾਜੈਕਟ ਹੈ ਜਦੋਂ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਮੁੱਖ ਧਾਰਾ ਵਿਚ ਲਿਆਉਣ ਲਈ STF ਆਨ-ਰਿਕਾਰਡ ਵਿਦਿਆਰਥੀਆਂ ਦੀ ਮਦਦ ਲੈ ਰਹੀ ਹੈ। ਨਾ ਤਾਂ ਕੈਦੀਆਂ ਦੀ ਪਛਾਣ ਦਾ ਖੁਲਾਸਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਜੇਲ੍ਹ ਅੰਦਰ ਸਰਵੇ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦੇ ਫੋਨ ਪਹਿਲਾਂ ਹੀ ਜੇਲ੍ਹ ਦੇ ਬਾਹਰ ਰੱਖੇ ਜਾ ਰਹੇ ਹਨ ਤਾਂ ਜੋ ਜੇਲ੍ਹ ਮੈਨੂਅਲ ਦੀ ਇਮਾਨਦਾਰੀ ਨਾਲ ਪਾਲਣਾ ਕੀਤੀ ਜਾ ਸਕੇ।
ਇਹਨਾਂ ਸਵਾਲਾਂ ਦੇ ਜਵਾਬ ਹਾਸਲ ਕਰਨ ਦੀ ਕੀਤੀ ਜਾਵੇਗੀ ਕੋਸ਼ਿਸ਼
-ਜੇਲ੍ਹ ਵਿਚ ਕੈਦੀਆਂ ਨੂੰ ਨਸ਼ਾ ਕਿਵੇਂ ਮਿਲ ਰਿਹਾ ਹੈ?
-ਕਿਹੜਾ ਕੈਦੀ ਕਿਸ ਨਸ਼ੇ ਦਾ ਆਦੀ ਹੈ?
-ਜੇਲ੍ਹ ਵਿਚ ਨਸ਼ੇ ਨੂੰ ਕਿਵੇਂ ਰੋਕਿਆ ਜਾਵੇ ?
ਕੈਦੀਆਂ ਕੋਲੋਂ ਨਸ਼ੇ ਦੇ ਸੌਦਾਗਰਾਂ ਦੀ ਜਣਕਾਰੀ ਕਿਵੇਂ ਲਈ ਜਾਵੇ?
ਕੈਦੀਆਂ ਨੂੰ ਮੁੱਖ ਧਾਰਾ ਵਿਚ ਕਿਵੇਂ ਲਿਆਂਦਾ ਜਾਵੇ?