
ਜ਼ਹਿਰੀਲੀ ਦਵਾਈ ਨਿਗਲਣ ਨਾਲ ਹੋਈ ਮੌਤ
ਸੰਗਰੂਰ: ਪਿੰਡ ਝਨੇੜੀ ਵਿਖੇ ਇੱਕ 40 ਸਾਲਾ ਵਿਅਕਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਇਲੈਕਟ੍ਰੀਕਲ ਦਾ ਮਕੈਨਿਕ ਸੀ ਅਤੇ ਚਾਰ ਧੀਆਂ ਦਾ ਪਿਤਾ ਸੀ। ਵਿਅਕਤੀ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਝਨੇੜੀ ਨੇ ਦੱਸਿਆ ਕਿ ਬਲਵਿੰਦਰ ਸਿੰਘ (40) ਪੁੱਤਰ ਸੁਰਜੀਤ ਸਿੰਘ ਵਾਸੀ ਝਨੇੜੀ ਇੱਕ ਬਿਜਲੀ ਮਕੈਨਿਕ ਸੀ। ਵਿਆਹ ਤੋਂ ਬਾਅਦ ਉਸ ਦੀਆਂ ਚਾਰ ਧੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਦੇ ਸਿਰ ’ਤੇ ਕਰੀਬ 5 ਤੋਂ 6 ਲੱਖ ਰੁਪਏ ਦਾ ਸਰਕਾਰੀ 'ਤੇ ਗੈਰ-ਸਰਕਾਰੀ ਕਰਜ਼ਾ ਸੀ। ਇਸ ਦੇ ਨਾਲ ਹੀ ਉਸ ਕੋਲ ਜ਼ਮੀਨ ਵੀ ਥੋੜ੍ਹੀ ਹੀ ਬਚੀ ਸੀ। ਪਰਿਵਾਰ ਮੁਤਾਬਕ ਉਹ ਆਪਣੀਆਂ ਧੀਆਂ ਦੇ ਭਵਿੱਖ ਅਤੇ ਕਰਜ਼ੇ ਕਾਰਨ ਚਿੰਤਾ 'ਚ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬਲਵਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਭਾਜਪਾ ਆਗੂ ਝਨੇੜੀ ਤੇ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਮਦਦ ਦੇਣ ਦੀ ਮੰਗ ਕੀਤੀ ਹੈ।