
ਕਿਸਾਨਾਂ ਦੇ ਸੰਘਰਸ਼ ਤੇ ਰਾਜਨੀਤੀ ਨਾ ਕੀਤੀ ਜਾਵੇ : ਧਰਮੀ ਫ਼ੌਜੀ
ਧਾਰੀਵਾਲ, 13 ਅਕਤੂਬਰ (ਇੰਦਰ ਜੀਤ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਕਿਸਾਨੀ ਨੂੰ ਬਚਾਉਣ ਲਈ ਸੜਕਾਂ ਅਤੇ ਰੇਲ ਲਾਈਨਾਂ 'ਤੇ ਬੈਠ ਕੇ ਸੰਘਰਸ਼ ਕਰ ਰਹੇ ਕਿਸਾਨ ਅਪਣੀ ਸੂਝ-ਬੂਝ ਅਤੇ ਸਿਆਣਪ ਨਾਲ ਸੰਘਰਸ਼ ਨੂੰ ਢਾਹ ਲਾਉਣ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਸਵਾਮੀਨਾਥਨ ਰੀਪੋਰਟ ਲਾਗੂ ਕਰਵਾਉਣ ਵਾਲੇ ਅਪਣੇ ਮੁੱਦੇ ਤੋਂ ਨਾ ਭੱਟਕਣ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ, ਵਾਈਸ ਪ੍ਰਧਾਨ ਰਣਧੀਰ ਸਿੰਘ, ਕੈਸ਼ੀਅਰ ਸੁਖਦੇਵ ਸਿੰਘ, ਪੰਜਾਬ ਪ੍ਰਧਾਨ ਮੇਵਾ ਸਿੰਘ ਛੋਟੇਪਰ ਅਤੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੌਹੀ ਨੇ ਧਾਰੀਵਾਲ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸਿੱਖ ਧਰਮੀ ਫ਼ੌਜੀ ਜਥੇਬੰਦੀ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਹੋਏ ਸੜਕਾਂ ਅਤੇ ਰੇਲ ਲਾਈਨ 'ਤੇ ਕੀਤੇ ਜਾ ਰਹੇ ਅੰਦੋਲਨ ਵਿਚ ਸ਼ਾਮਲ ਹੋ ਰਹੇ ਹਨ । ਧਰਮੀ ਫ਼ੌਜੀਆਂ ਨੇ ਕਿਹਾ ਕਿ ਜੇਕਰ ਇਕ ਸਿੱਖ ਦੂਜੇ ਸਿੱਖ ਦਾ ਵਿਰੋਧ ਨਾ ਕਰਦਾ ਹੁੰਦਾ ਤਾਂ ਸਿੱਖ ਰਾਜ ਕਦੇ ਖ਼ਤਮ ਨਹੀਂ ਹੋਣਾ ਸੀ। ਕੌਮੀ ਪ੍ਰਧਾਨ ਬਲਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ 2014 ਵਿਚ 4 ਮਹੀਨੇ 8 ਦਿਨ ਲਗਾਤਾਰ ਧਰਨਾ ਦਿਤਾ ਗਿਆ ਸੀ ਅਤੇ ਕਿਸੇ ਤਰ੍ਹਾਂ ਰਾਜਨੀਤਕ ਲੋਕਾਂ ਨੇ ਧਰਨੇ ਨੂੰ ਢਾਹ ਲਾਉਣ ਦੇ ਹੱਥਕੰਡੇ ਵਰਤਦੇ ਹਨ ਉਹ ਭਲੀ-ਭਾਂਤ ਜਾਣੂ ਹਨ । ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਅਤ ਅਤੇ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੇ ਸੰਘਰਸ਼image ਵਿਚ ਸ਼ਮੂਲੀਅਤ ਕਰਨ।
ਧਰਮੀ ਫ਼ੌਜੀ ਪ੍ਰੈਸ ਕਾਨਫਰੰਸ ਕਰਦੇ ਹੋਏ। ਫ਼ੋਟੋ ਇੰਦਰ ਜੀਤ