
ਡਾ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ 'ਚ ਦਾਖ਼ਲ
ਨਵੀਂ ਦਿੱਲੀ, 13 ਅਕਤੂਬਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦਿੱਲੀ ਵਿਚ ਦਾਖ਼ਲ ਕਰਾਇਆ ਗਿਆ ਹੈ | ਸਾਲ 2004 ਤੋਂ 2014 ਤਕ ਪੀ.ਐਮ. ਰਹੇ ਮਨਮੋਹਨ ਸਿੰਘ ਇਸ ਸਾਲ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ | ਉਨ੍ਹਾਂ ਨੂੰ 19 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਏਮਜ਼ ਦੇ ਟਰਾਊਮਾ ਸੈਂਟਰ ਵਿਚ ਦਾਖ਼ਲ ਕਰਾਇਆ ਗਿਆ ਸੀ | ਇਸ ਤੋਂ ਬਾਅਦ 29 ਅਪ੍ਰੈਲ ਨੂੰ ਉਨ੍ਹਾਂ ਨੂੰ ਏਮਜ਼ ਦੇ ਟਰਾਊਮਾ ਸੈਂਟਰ ਤੋਂ ਛੁੱਟੀ ਦੇ ਦਿਤੀ ਗਈ ਸੀ | ਉਨ੍ਹਾਂ ਦੀ ਉਮਰ 88 ਸਾਲ ਹੈ ਅਤੇ ਉਨ੍ਹਾਂ ਨੂੰ ਸ਼ੂਗਰ ਦੀ ਵੀ ਬੀਮਾਰੀ ਹੈ | ਡਾ.ਮਨਮੋਹਨ ਸਿੰਘ ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋਈਆਂ ਹਨ | ਉਨ੍ਹਾਂ ਦੀ ਪਹਿਲੀ ਸਰਜਰੀ ਸਾਲ 1990 ਵਿਚ ਯੂ.ਕੇ ਵਿਚ ਹੋਈ ਸੀ | ਜਦੋਂ ਕਿ 2009 ਵਿਚ ਏਮਜ਼ ਵਿਚ ਉਨ੍ਹਾਂ ਦੀ ਦੂਜੀ ਬਾਈਪਾਸ ਸਰਜਰੀ ਕੀਤੀ ਗਈ ਸੀ | ਪਿਛਲੇ ਸਾਲ ਮਈ ਮਹੀਨੇ ਵਿਚ ਵੀ ਉਨ੍ਹਾਂ ਨੂੰ ਬੁਖ਼ਾਰ ਦੇ ਚੱਲਦੇ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਸੀ | (ਏਜੰਸੀ)