
ਅਦਾਲਤ ਵਲੋਂ ਸਾਬਕਾ ਐਸ.ਐਸ.ਪੀ. ਨੂੰ ਸਾਰੇ ਦਸਤਾਵੇਜ਼ ਮੁਹਈਆ ਕਰਵਾਉਣ ਦੇ ਹੁਕਮ
ਕੋਟਕਪੂਰਾ, 13 ਅਕਤੂਬਰ (ਗੁਰਿੰਦਰ ਸਿੰਘ) : ਬਹਿਬਲ ਕਲਾਂ ਪੁਲਿਸ ਗੋਲੀਬਾਰੀ ਮਾਮਲੇ ’ਚ ਮੁਲਜ਼ਮ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕੁੱਝ ਦਸਤਾਵੇਜ਼ਾਂ ਦੀ ਪੂਰਤੀ ਨੂੰ ਲੈ ਕੇ ਇਸਤਗਾਸਾ ਪੱਖ ਵਿਚਕਾਰ 6 ਮਹੀਨੇ ਤੋਂ ਵੱਧ ਸਮੇਂ ਤਕ ਝਗੜੇ ਦੇ ਬਾਅਦ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਨੇ ਇਸਤਗਾਸਾ ਪੱਖ ਨੂੰ ਇਹ ਦਸਤਾਵੇਜ਼ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿਤੇ ਹਨ। 2 ਅਪ੍ਰੈਲ 2021 ਨੂੰ ਸ਼ਰਮਾ ਨੇ ਇਕ ਅਰਜ਼ੀ ਦਾਇਰ ਕੀਤੀ ਸੀ ਜਿਸ ’ਚ ਮੁਲਜ਼ਮ ਪਰਮਰਾਜ ਸਿੰਘ ਉਮਰਾਨੰਗਲ, ਸੁਮੇਧ ਸੈਣੀ, ਬਿਕਰਮਜੀਤ ਸਿੰਘ, ਅਮਰਜੀਤ ਸਿੰਘ ਕੁਲਾਰ, ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਵਿਰੁਧ ਪੁਲਿਸ ਵਲੋਂ ਪੇਸ਼ ਕੀਤੇ ਗਏ 3 ਪੂਰਕ ਚਲਾਨ ਦੀਆਂ ਕਾਪੀਆਂ ਦੀ ਮੰਗ ਕੀਤੀ ਗਈ ਸੀ। ਜਦਕਿ ਚਰਨਜੀਤ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਈ ਦਸਤਾਵੇਜ਼ ਨਹੀਂ ਦਿਤੇ ਗਏ ਸਨ, ਜੋ ਮਾਮਲੇ ਦੀ ਤਿਆਰੀ ਲਈ ਜ਼ਰੂਰੀ ਸਨ।
ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਦਸਤਾਵੇਜ਼ਾਂ ਦੀਆਂ ਕਾਪੀਆਂ ਮੁਲਜ਼ਮ ਨੂੰ ਪਹਿਲਾਂ ਹੀ ਦਿਤੀਆਂ ਜਾ ਚੁੱਕੀਆਂ ਹਨ। ਬਲਕਿ ਮੁਲਜ਼ਮ ਮੁਕੱਦਮੇ ’ਚ ਦੇਰੀ ਲਈ ਇਕ ਦੇ ਬਾਅਦ ਇਕ ਅਰਜ਼ੀਆਂ ਦੇ ਰਹੇ ਸਨ। ਅਰਜ਼ੀਆਂ ਜਮ੍ਹਾਂ ਕਰਵਾਉਣ ਦਾ ਮੁਲਜ਼ਮ ਦਾ ਇਕਮਾਤਰ ਮਕਸਦ ਅਤੇ ਇਰਾਦਾ ਮੁਕੱਦਮੇ ’ਚ ਦੇਰੀ ਕਰਨਾ ਹੈ। ਇਸ ਤਰ੍ਹਾਂ ਦੀ ਅਰਜ਼ੀ ਪੇਸ਼ ਕਰ ਕੇ ਉਹ ਮਾਮਲੇ ਦੀ ਸੁਚਾਰੂ ਸੁਣਵਾਈ ਅਤੇ ਨਿਆਂ ਦਿਵਾਉਣ, ਕਥਿਤ ਇਸਤਗਾਸਾ ਪੱਖ ’ਚ ਰੋੜਾ ਅਟਕਾ ਰਿਹਾ ਹੈ। ਹਾਲਾਂਕਿ ਚਰਨਜੀਤ ਸ਼ਰਮਾ ਨੇ ਦਾਅਵਾ ਕੀਤਾ ਕਿ ਮਾਮਲੇ ’ਚ ਸਾਰੇ ਚਲਾਨ ਆਪਸ ਵਿਚ ਜੁੜੇ ਹੋਏ ਹਨ ਤੇ ਸਾਰੇ ਮੁਲਜ਼ਮਾਂ ਵਿਰੁਧ ਸਾਜ਼ਸ਼ ਅਤੇ ਉਕਸਾਉਣ ਦੇ ਦੋਸ਼ ਸਨ, ਇਸ ਲਈ ਜਾਂਚ ਏਜੰਸੀ ਵਲੋਂ ਇਕੱਤਰ ਕੀਤੇ ਗਏ ਸਾਰੇ ਸਬੂਤ ਉਕਤ ਪੂਰਕ ਚਲਾਨ ਦਾ ਹਿੱਸਾ ਸਨ ਅਤੇ ਮੁਲਜ਼ਮ ਪੂਰਕ ਚਲਾਨ ਦੀਆਂ ਕਾਪੀਆਂ ਦਾ ਹੱਕਦਾਰ ਸੀ। ਜਦਕਿ ਹਤਿਆਕਾਂਡ ’ਚ ਚਰਨਜੀਤ ਸ਼ਰਮਾ ਦਾ ਚਲਾਨ 24 ਅਪ੍ਰੈਲ 2019 ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਹਾਲਾਂਕਿ, ਮਾਮਲੇ ’ਚ ਹੋਰਨਾਂ ਮੁਲਜ਼ਮਾਂ ਵਿਰੁਧ ਅਪਣੀ ਜਾਂਚ ਜਾਰੀ ਰੱਖਦਿਆਂ ਪੁਲਿਸ ਦੀ ਐਸਆਈਟੀ ਨੇ ਅਕਤੂਬਰ 2020, ਜਨਵਰੀ ਅਤੇ ਫ਼ਰਵਰੀ 2021 ’ਚ ਤਿੰਨ ਹੋਰ ਪੂਰਕ ਚਲਾਨ ਪੇਸ਼ ਕੀਤੇ।
ਸ਼ਰਮਾ ਨੇ ਅਦਾਲਤ ਤੋਂ ਇਸਤਗਾਸਾ ਪੱਖ ਨੂੰ 27 ਦਸਤਾਵੇਜ਼ਾਂ ਦੀ ਪੂਰਤੀ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ, ਜੋ ਪੂਰਕ ਚਲਾਨ ਦਾ ਹਿੱਸਾ ਸਨ।