
ਐਨ.ਆਈ.ਏ ਨੇ ਜੰਮੂ ਕਸ਼ਮੀਰ ’ਚ ਕਈ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ, ਚਾਰ ਅਤਿਵਾਦੀ ਗ੍ਰਿਫ਼ਤਾਰ
ਸ਼੍ਰੀਨਗਰ, 13 ਅਕਤੂਬਰ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕੇਂਦਰ ਸ਼ਾਸ਼ਤ ਖੇਤਰ ਜੰਮੂ ਕਸ਼ਮੀਰ ’ਚ 16 ਥਾਂਵਾਂ ’ਤੇ ਛਾਪੇਮਾਰੀ ਤੋਂ ਬਾਅਦ ਅਤਿਵਾਦੀਆਂ ਦੇ ਚਾਰ ਸਹਿਯੋਗੀਆਂ ਨੂੰ ਗਿ੍ਰਫ਼ਤਾਰ ਕੀਤਾ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦਸਿਆ ਕਿ ਇਹ ਗਿ੍ਰਫ਼ਤਾਰੀ ਕੇਂਦਰ ਸ਼ਾਸ਼ਤ ਖੇਤਰ ਅਤੇ ਨਵੀਂ ਦਿੱਲੀ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ’ਚ ਹਮਲੇ ਲਈ ਵੱਖ-ਵੱਖ ਅਤਿਵਾਦੀ ਸੰਗਠਨਾਂ ਵਲੋਂ ਸਾਜਸ਼ ਰਚਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਕੀਤੀ ਗਈ। ਐਨ.ਆਈ.ਏ. ਨੇ ਇਸ ਸੰਬੰਧ ’ਚ 10 ਅਕਤੂਬਰ ਨੂੰ ਮਾਮਲਾ ਦਰਜ ਕਰ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਐਨ.ਆਈ.ਏ. ਦੇ ਇਕ ਬੁਲਾਰੇ ਨੇ ਦਸਿਆ ਚਾਰ ਦੋਸ਼ੀਆਂ- ਵਸੀਮ ਅਹਿਮਦ ਸੋਫੀ, ਤਾਰਿਕ ਅਹਿਮਦ ਡਾਰ, ਬਿਲਾਲ ਅਹਿਮਦ ਮੀਰ ਉਰਫ ‘ਬਿਲਾਲ ਫਾਫੂ’ ਅਤੇ ਤਾਰਿਕ ਅਹਿਮਦ ਬਫਾਂਦਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਇਹ ਚਾਰੇ ਸ਼੍ਰੀਨਗਰ ਦੇ ਵਾਸੀ ਹਨ। ਇਨ੍ਹਾਂ ਨੂੰ ਸ਼੍ਰੀਨਗਰ, ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹੇ ’ਚ ਛਾਪੇਮਾਰੀ ਦੌਰਾਨ ਗਿ੍ਰਫ਼ਤਾਰ ਕੀਤਾ ਗਿਆ।
ਐਨ.ਆਈ.ਏ. ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਦੋਸ਼ੀ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਸਹਿਯੋਗੀ ਜਾਂ ‘ਸਰਗਰਮ ਵਰਕਰ’ (ਓ.ਜੀ.ਡਬਲਿਊ.) ਹਨ ਅਤੇ ਅਤਿਵਾਦੀਆਂ ਨੂੰ ਸਾਮਾਨ ਅਤੇ ਭੌਤਿਕ ਮਦਦ ਪ੍ਰਦਾਨ ਕਰਦੇ ਹਨ। ਬੁਲਾਰੇ ਨੇ ਕਿਹਾ,‘‘ਮੰਗਲਵਾਰ ਨੂੰ ਹੋਈ ਛਾਪੇਮਾਰੀ ਦੌਰਾਨ, ਕਈ ਇਲੈਕਟ੍ਰਾਨਿਕ ਯੰਤਰ, ਜਿਹਾਦੀ ਦਸਤਾਵੇਜ ਅਤੇ ਸ਼ੱਕੀ ਵਿੱਤੀ ਲੈਣ-ਦੇਣ ਦੇ ਰਿਕਾਰਡ ਵਾਲੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।’’
ਐਨ.ਆਈ.ਏ. ਨੇ ਕਿਹਾ ਕਿ ਇਹ ਮਾਮਲਾ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ (ਐਨ.ਈ.ਟੀ.), ਜੈਸ਼-ਏ-ਮੁਹੰਮਦ, ਹਿਜਬੁਲ ਮੁਜਾਹੀਦੀਨ, ਅਲ ਬਦਰ ਅਤੇ ਇਸੇ ਤਰ੍ਹਾਂ ਦੇ ਹੋਰ ਸੰਗਠਨ ਅਤੇ ਉਨ੍ਹਾਂ ਦੇ ਸਹਿਯੋਗੀ ਜਿਵੇਂ, ‘ਦਿ ਰੇਸਿਸਟੈਂਸ ਫਰੰਟ’ ਅਤੇ ‘ਪੀਪਲ ਅਗੇਂਸਟ ਫ਼ਾਸਿਸਟ ਫ਼ੋਰਸੇਜ’ ਦੇ ਮੈਂਬਰਾਂ ਵਲੋਂ ਜੰਮੂ ਕਸ਼ਮੀਰ ਅਤੇ ਨਵੀਂ ਦਿੱਲੀ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ’ਚ ਅਤਿਵਾਦੀਆਂ ਕੰਮਾਂ ਨੂੰ ਅੰਜਾਮ ਦੇਣ ਦੀ ਸਾਜਸ਼ ਰਚਣ ਦੇ ਸਬੰਧ ’ਚ ਮਿਲੀ ਜਾਣਕਾਰੀ ਨਾਲ ਜੁੜਿਆ ਹੈ। ਐਨ.ਆਈ.ਏ. ਨੇ ਕਿਹਾ ਕਿ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ। (ਏਜੰਸੀ)