
ਵੀਡੀਓ ਸਾਂਝੀ ਕਰ ਕੀਤੇ ਵੱਡੇ ਖ਼ੁਲਾਸੇ
ਮਲੋਟ : ਓਮਾਨ ਦੇ ਮਸਕਟ 'ਚ ਫਸੀ ਪੰਜਾਬ ਦੀ ਇੱਕ ਹੋਰ ਧੀ ਨੇ ਮਦਦ ਦੀ ਗੁਹਾਰ ਲਗਾਈ ਹੈ। ਇਹ ਜਾਣਕਾਰੀ ਉਸ ਨੇ ਵੀਡੀਓ ਅਤੇ ਆਡੀਓ ਜ਼ਰੀਏ ਉਥੋਂ ਦੀ ਇੱਕ ਸੰਸਥਾ ਰਾਹੀਂ ਭੇਜੀ ਹੈ। ਜਾਣਕਾਰੀ ਅਨੁਸਾਰ ਲੜਕੀ ਕਰਮਜੀਤ ਕੌਰ (31) ਜ਼ਿਲ੍ਹਾ ਮੁਕਤਸਰ ਦੇ ਮਲੋਟ ਦੀ ਰਹਿਣ ਵਾਲੀ ਹੈ। ਉਸ ਨੂੰ ਵੀਜ਼ਿਟਰ ਵੀਜ਼ੇ 'ਤੇ ਦੁਬਈ ਭੇਜਣ ਦੀ ਗੱਲ ਕਰ ਕੇ ਓਮਾਨ ਦੇ ਇੱਕ ਸ਼ੇਖ ਕੋਲ ਭੇਜ ਦਿਤਾ ਗਿਆ।
ਲੜਕੀ ਨੇ ਵੀਡੀਓ ਵਿਚ ਆਪਣਾ ਦਰਦ ਬਿਆਨਦਿਆਂ ਦੱਸਿਆ ਕਿ ਉਕਤ ਸ਼ੇਖ ਉਸ ਨਾਲ ਦਰਿੰਦਿਆਂ ਵਾਲਾ ਵਿਵਹਾਰ ਕਰਦਾ ਹੈ ਅਤੇ ਇੰਨਾ ਹੀ ਨਹੀਂ ਸਗੋਂ ਉਸ ਦਾ ਜਿਸਮਾਨੀ ਸ਼ੋਸ਼ਣ ਵੀ ਹੁੰਦਾ ਹੈ। ਲੜਕੀ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਅਤੇ ਵੀਜ਼ਾ ਵੀ ਖੋਹ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਲੜਕੀ ਨੇ ਤਰਨਤਾਰਨ ਦੇ ਇੱਕ ਏਜੰਟ ਜ਼ਰੀਏ ਵੀਜ਼ਾ ਲਗਵਾਇਆ ਸੀ ਅਤੇ ਉਸ ਨਾਲ ਧੋਖਾ ਹੋ ਗਿਆ।
ਲੜਕੀ ਵਲੋਂ ਮਦਦ ਮੰਗਣ ਤੋਂ ਬਾਅਦ ਇਕ NGO ਪੀ. ਸੀ. ਟੀ. ਹਿਊਮੇਨਿਟੀਸ ਦੇ ਚੇਅਰਮੈਨ ਜੋਗਿਦਰ ਸਲਾਰੀਆਂ ਅਤੇ ਪੰਜਾਬ ਚੈਪਟਰ ਦੇ ਸੰਯੋਜਕ ਹੁਸ਼ਿਆਰਪੁਰ ਦੇ ਅਸ਼ੋਕ ਪੁਰੀ ਨੇ ਉਕਤ ਔਰਤ ਨੂੰ ਸ਼ੇਖਾਂ ਦੇ ਜਾਲ 'ਚੋਂ ਬਾਹਰ ਕੱਢਣ ਲਈ ਨੈਸ਼ਨਲ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਮੁਕਤਸਰ ਦੇ ਮਲੋਟ ਥਾਣਾ 'ਚ ਏਜੰਟ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ ਜਿਸ 'ਤੇ ਕਾਰਵਾਈ ਕਰਦਿਆਂ ਮਹਿਲਾ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਬਾਕੀ ਦੋਸ਼ੀ ਫ਼ਰਾਰ ਹਨ।