
ਕਿਹਾ - ਜੇ ਮੇਰੀ ਰਿਪੋਰਟ ਦੀ ਇੱਕ ਵੀ ਗੱਲ ਗ਼ਲਤ ਸਾਬਤ ਹੋਈ ਤਾਂ ਛੱਡ ਦਿਆਂਗਾ ਵਿਧਾਇਕੀ
ਫ਼ਰੀਦਕੋਟ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਨੂੰ ਅੱਜ 7 ਸਾਲ ਪੂਰੇ ਹੋ ਗਏ ਹਨ। ਅੱਜ ਇਸ ਮੌਕੇ ਉਕਤ ਸਥਾਨ ’ਤੇ ਲੱਗੇ ਇਨਸਾਫ਼ ਮੋਰਚੇ ’ਚ ਸਾਬਕਾ ਪੁਲਿਸ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵਿਸ਼ੇਸ਼ ਤੌਰ ’ਤੇ ਪਹੁੰਚੇ।ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਬਰਗਾੜੀ ਮਾਮਲੇ ਦੀ ਕੀਤੀ ਆਪਣੇ ਵੱਲੋਂ ਕੀਤੀ ਜਾਂਚ ਬਾਰੇ ਜਾਣਕਾਰੀ ਦਿੱਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਉਨ੍ਹਾਂ ਨੂੰ ਬੇਅਦਬੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦੇਣ। ਇਸ ਮਾਮਲੇ 'ਤੇ ਉਹ ਬਹਿਸ ਕਰਵਾਉਣ ਅਤੇ ਰਿਪੋਰਟ ਪੇਸ਼ ਕੀਤੇ ਜਾਣ ਲਈ ਕਹਿਣ।
ਕੁੰਵਰ ਨੇ ਕਿਹਾ ਕਿ ਜੇਕਰ ਮੇਰੇ ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਇੱਕ ਵੀ ਗੱਲ ਗ਼ਲਤ ਸਾਬਤ ਹੋਵੇ ਤਾਂ ਉਹ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਦੇ 7 ਸਾਲ ਪੂਰੇ ਹੋ ਚੁੱਕੇ ਹਨ, ਪਰ ਸੰਗਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਸੰਘਰਸ਼ ਜਾਰੀ ਰਹੇਗਾ
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ, ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਣੇ ਸਿੱਖ ਜਥੇਬੰਦੀਆਂ ਦੇ ਕਈ ਵੱਡੇ ਆਗੂ ਪਹੁੰਚੇ ਹੋਏ ਸਨ। ਆਪਣੇ ਸੰਬੋਧਨ ਦੌਰਾਨ ਕੁੰਵਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬੇਅਦਬੀ ਦੇ ਮੁੱਦੇ ’ਤੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਬੇਅਦਬੀ ਦੇ ਮਾਮਲੇ ਦੀ ਤਿਆਰ ਕੀਤੀ ਗਈ ਰਿਪੋਰਟ ਵਿੱਚ ਬਾਦਲ ਪਰਿਵਾਰ ਦਾ ਥਾਂ-ਥਾਂ 'ਤੇ ਜ਼ਿਕਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਸੁਖਬੀਰ ਸਿੰਘ ਬਾਦਲ ਨੂੰ ਨੌਨਿਹਾਲ ਦੀ ਅਗਵਾਈ ਵਿਚ SIT ਨੇ ਪੁੱਛਗਿੱਛ ਲਈ ਤਲਬ ਕੀਤਾ ਸੀ।
ਕੁੰਵਰ ਨੇ ਕਿਹਾ ਕਿ ਮੈਂ 8 ਅਪ੍ਰੈਲ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 2 ਘੰਟੇ ਮੁਲਾਕਾਤ ਕੀਤੀ, ਅਤੇ ਬਰਗਾੜੀ ਜਾਂਚ ਦੀ ਰਿਪੋਰਟ ਨੂੰ ਖਾਰਜ ਨਾ ਕਰਨ ਦੀ ਗੱਲ ਕਹੀ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦੇ ਕੇ ਘਰ ਭੇਜ ਦਿੱਤਾ, ਪਰ ਦੂਜੇ ਹੀ ਦਿਨ ਉਨ੍ਹਾਂ ਨੇ ਜਾਂਚ ਰਿਪੋਰਟ ਨੂੰ ਖਾਰਜ ਕਰਵਾ ਦਿੱਤਾ। ਕੁੰਵਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਉਸ ਰਿਪੋਰਟ ਵਿਚ ਕਿਸੇ ਵੀ ਇਕ ਲਾਈਨ ਦੀ ਖਾਮੀ ਦਿਖਾ ਦੇਵੇ, ਜਿਸ ਦੇ ਆਧਾਰ 'ਤੇ ਰਿਪੋਰਟ ਖਾਰਜ ਕੀਤੀ ਗਈ ਹੈ।
7 ਸਾਲ ਬੀਤ ਜਾਣ ਦੇ ਬਾਵਜੂਦ ਬੇਅਦਬੀ ਅਤੇ ਗੋਲੀਕਾਂਡ ਦਾ ਇਨਸਾਫ਼ ਨਾ ਮਿਲਣਾ ਜਿੱਥੇ ਮੌਜੂਦਾ ਸਮੇਤ ਪੰਜਾਬ ਦੇ 4 ਮੁੱਖ ਮੰਤਰੀਆਂ ਉੱਤੇ ਸਵਾਲ ਖੜ੍ਹੇ ਕਰਦਾ ਹੈ, ਉੱਥੇ ਹੀ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹੇ ਸੰਜੀਦਾ ਮਸਲਿਆਂ ਦਾ ਲੰਮਾ ਸਮਾਂ ਲਟਕਣਾ ਅਣਸੁਖਾਵੇਂ ਹਾਲਾਤਾਂ ਦਾ ਕਾਰਨ ਬਣ ਸਕਦਾ ਹੈ।