
ਅੰਮ੍ਰਿਤਪਾਲ ਸਿੰਘ ਦੀ ਡਿਊਟੀ ਪੁੰਛ ਜ਼ਿਲ੍ਹੇ ਦੇ ਮੇਂਢਰ ਸਬ-ਡਿਵੀਜ਼ਨ ਦੇ ਮਾਨਕੋਟ ਇਲਾਕੇ ਵਿਚ ਐਲਓਸੀ ਨੇੜੇ ਸੀ
ਮਾਨਸਾ - ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ 'ਤੇ ਇਕ ਵਾਰ ਫਿਰ ਸਵਾਲ ਉੱਠ ਰਹੇ ਹਨ। ਦਰਅਸਲ, ਡਿਊਟੀ ਦੌਰਾਨ ਪੰਜਾਬ ਦੇ ਇੱਕ ਜਵਾਨ ਦੀ ਮੌਤ ਹੋਣ ਦੇ ਬਾਵਜੂਦ ਉਸ ਦੀ ਮ੍ਰਿਤਕ ਦੇਹ ਨੂੰ ਨਿੱਜੀ ਐਂਬੂਲੈਂਸ ਵਿਚ ਉਸ ਦੇ ਘਰ ਲਿਜਾਇਆ ਗਿਆ। ਫੌਜ ਨੇ ਉਸ ਨੂੰ ਸਲਾਮੀ ਵੀ ਨਹੀਂ ਦਿੱਤੀ।
ਇਸ 'ਤੇ ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ- ਅਗਨੀਵੀਰ ਬਣਾਏ ਹੀ ਇਸ ਲਈ ਗਏ ਹਨ ਕਿ ਉਸ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ ਆਗੂ ਨੇ ਇਹ ਵੀ ਸਵਾਲ ਕੀਤਾ ਕਿ ਅੰਮ੍ਰਿਤਪਾਲ ਨੂੰ ਉਸ ਦੀ ਅੰਤਿਮ ਵਿਦਾਈ ਵਿਚ ਕੋਈ ਸਨਮਾਨ ਨਹੀਂ ਮਿਲਿਆ, ਕੀ ਅਗਨੀਵੀਰ ਸਿਪਾਹੀ ਨਹੀਂ?
ਸਤਿਆਪਾਲ ਮਲਿਕ ਨੇ ਕਿਹਾ ਕਿ ''ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨਿੱਜੀ ਐਂਬੂਲੈਂਸ ਵਿਚ ਪਹੁੰਚੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਨਵੀਂ ਨੀਤੀ ਤਹਿਤ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ, ਇਸ ਲਈ ਸਲਾਮੀ ਨਹੀਂ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਸ਼ਹੀਦ ਦਾ ਦਰਜਾ ਨਹੀਂ ਦੇ ਰਹੀ''
ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਦੇ ਰਹਿਣ ਵਾਲੇ 19 ਸਾਲਾ ਸਿਪਾਹੀ ਅੰਮ੍ਰਿਤਪਾਲ ਸਿੰਘ ਦੀ ਬੁੱਧਵਾਰ ਨੂੰ ਜੰਮੂ-ਕਸ਼ਮੀਰ 'ਚ ਮੱਥੇ 'ਤੇ ਗੋਲੀ ਲੱਗਣ ਨਾਲ ਮੌਤ ਹੋ ਗਈ। ਸ਼ੁੱਕਰਵਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਕਲਾਂ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਸਮੇਂ ਦੌਰਾਨ ਉਸ ਨੂੰ ਕੋਈ ਫੌਜੀ ਸਨਮਾਨ ਨਹੀਂ ਮਿਲਿਆ।
ਅੰਮ੍ਰਿਤਪਾਲ ਸਿੰਘ ਦੀ ਡਿਊਟੀ ਪੁੰਛ ਜ਼ਿਲ੍ਹੇ ਦੇ ਮੇਂਢਰ ਸਬ-ਡਿਵੀਜ਼ਨ ਦੇ ਮਾਨਕੋਟ ਇਲਾਕੇ ਵਿਚ ਐਲਓਸੀ ਨੇੜੇ ਸੀ। ਡਿਊਟੀ ਦੌਰਾਨ ਉਸ ਦੇ ਮੱਥੇ 'ਤੇ ਗੋਲੀ ਲੱਗੀ ਸੀ। ਅੰਮ੍ਰਿਤਪਾਲ ਨੂੰ ਗੋਲੀ ਲੱਗਣ ਤੋਂ ਦੋ ਦਿਨ ਪਹਿਲਾਂ ਫੌਜ ਨੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਸੀ। ਸ਼ੁਰੂਆਤੀ ਜਾਂਚ 'ਚ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਅਤਿਵਾਦੀਆਂ ਨੇ ਗੋਲੀ ਮਾਰੀ ਸੀ।
ਅੰਮ੍ਰਿਤਪਾਲ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਫੌਜ ਦੀ ਗੱਡੀ ਦੀ ਬਜਾਏ ਨਿੱਜੀ ਐਂਬੂਲੈਂਸ ਵਿਚ ਲਿਆਂਦਾ ਗਿਆ। ਇੱਥੇ ਫੌਜ ਦੇ ਦੋ ਜਵਾਨ ਮ੍ਰਿਤਕ ਦੇਹ ਨੂੰ ਛੱਡਣ ਆਏ ਸਨ। ਅੰਮ੍ਰਿਤਪਾਲ ਦੀ ਦੇਹ ਨੂੰ ਛੱਡ ਕੇ ਉਥੋਂ ਰਵਾਨਾ ਹੋ ਗਏ। ਪਰਿਵਾਰ ਨੇ ਉਹਨਾਂ ਨੂੰ ਪੁੱਛਿਆ ਕਿ ਅੰਮ੍ਰਿਤਪਾਲ ਨੂੰ ਕੋਈ ਫੌਜੀ ਸਨਮਾਨ ਨਹੀਂ ਮਿਲੇਗਾ? ਇਸ 'ਤੇ ਉਨ੍ਹਾਂ ਕਿਹਾ ਕਿ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸਿਪਾਹੀ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ, ਇਸ ਲਈ ਉਨ੍ਹਾਂ ਨੂੰ ਫੌਜੀ ਸਨਮਾਨ ਨਹੀਂ ਮਿਲੇਗਾ।
ਸਿਪਾਹੀਆਂ ਨੇ ਅੰਮ੍ਰਿਤਪਾਲ ਦੀ ਦੇਹ ਪਿੰਡ ਦੇ ਹਵਾਲੇ ਕਰ ਦਿੱਤੀ ਅਤੇ ਬਿਨਾਂ ਕੁਝ ਕਹੇ ਉਥੋਂ ਚਲੇ ਗਏ। ਇਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ। ਅੰਮ੍ਰਿਤਪਾਲ ਦੇ ਮਾਤਾ-ਪਿਤਾ ਪਿੰਡ ਵਾਸੀਆਂ ਨਾਲ ਮਿਲ ਕੇ ਦੇਹ ਨੂੰ ਸ਼ਮਸ਼ਾਨਘਾਟ ਵਿਖੇ ਲੈ ਗਏ। ਜਿੱਥੇ ਅੰਮ੍ਰਿਤਪਾਲ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਧਰ, ਇਸ ਬਾਰੇ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ।
ਜਿਸ ਤੋਂ ਬਾਅਦ ਪੁਲਿਸ ਦੀ ਟੁਕੜੀ ਪਹੁੰਚੀ ਅਤੇ ਅੰਮ੍ਰਿਤਪਾਲ ਨੂੰ ਸਲਾਮੀ ਦਿੱਤੀ ਗਈ।
ਪੰਜਾਬ ਦੇ ਕਿਸਾਨ ਆਗੂ ਰਮਨਦੀਪ ਸਿੰਘ ਮਾਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਦੁੱਖ ਦੀ ਗੱਲ ਹੈ ਕਿ ਅੰਮ੍ਰਿਤਪਾਲ ਦੀ ਦੇਹ ਨੂੰ ਪ੍ਰਾਈਵੇਟ ਐਂਬੂਲੈਂਸ ਵਿਚ ਲਿਆਂਦਾ ਗਿਆ। ਫੌਜ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਫ਼ੌਜ ਵੱਲੋਂ ਗਾਰਡ ਆਫ਼ ਆਨਰ ਨਹੀਂ ਦਿੱਤਾ ਗਿਆ। ਕੀ ਅਗਨੀਵੀਰ ਸਿਪਾਹੀ ਨਹੀਂ, ਇਹ ਵਿਤਕਰਾ ਕਿਉਂ?