
ਨਵੇਂ ਖੁਲਾਸੇ ਅਨੁਸਾਰ ਕਮਲ ਅਰੋੜਾ ਨੇ ਜੁਆਰੀਆਂ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਸੀ ਖੁਦਕੁਸ਼ੀ
ਜਲੰਧਰ : ਜਲੰਧਰ ਦੇ ਕਬੀਰ ਨਗਰ ਵਿਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਕਮਲ ਅਰੋੜਾ ਉਰਫ਼ ਟੀਟੂ ਦੀ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ ਆਇਆ ਹੈ। ਨਵੇਂ ਖੁਲਾਸੇ ਅਨੁਸਾਰ ਟੀਟੂ ਨੇ ਕੁਝ ਨਾਮੀ ਬੁੱਕੀਆਂ ਅਤੇ ਜੁਆਰੀਆਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਸੀ। ਟੀਟੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜਾਣਕਾਰਾਂ ਵਿਚ ਦੁੱਖ਼ ਦੀ ਲਹਿਰ ਹੈ ਕਿਉਂਕਿ ਕਮਲ ਅਰੋੜਾ ਉਰਫ਼ ਟੀਟੂ ਲੋੜਵੰਦਾਂ ਦਾ ਮਦਦਗਾਰ ਸੀ ਅਤੇ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦਾ ਸੀ।
ਜ਼ਿਕਰਯੋਗ ਹੈ ਕਿ ਟੀਟੂ ਕੋਲ ਪੈਸਾ ਵੇਖ ਕੇ ਨਾਮੀ ਬੁੱਕੀ ਅਤੇ ਜੁਆਰੀਏ ਉਸ ਦੇ ਪਿੱਛੇ ਲੱਗ ਗਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਟੀਟੂ ਸ਼ਰਾਬ ਪੀਣ ਦਾ ਆਦੀ ਹੈ ਅਤੇ ਪਹਿਲਾਂ ਇਨ੍ਹਾਂ ਲੋਕਾਂ ਨੇ ਟੀਟੂ ਨਾਲ ਸ਼ਰਾਬ ਪੀਣੀ ਸ਼ੁਰੂ ਕੀਤੀ ਅਤੇ ਫਿਰ ਉਸ ਨੂੰ ਸੱਟੇਬਾਜ਼ੀ ਅਤੇ ਜੂਏ ਦੀ ਦਲਦਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ। ਇਕ ਸਮਾਂ ਇਹ ਵੀ ਆਇਆ ਕਿ ਕਮਲ ਉਰਫ਼ ਟੀਟੂ ਸੱਟੇਬਾਜ਼ੀ ਅਤੇ ਜੂਏ ਦਾ ਆਦੀ ਹੋ ਗਿਆ, ਜਿਸ ਤੋਂ ਬਾਅਦ ਜੁਆਰੀਆਂ ਨੇ ਉਸ ਦੇ ਘਰ ਵਿਚ ਹੀ ਜੂਆ ਖੇਡਣ ਦਾ ਅੱਡਾ ਬਣਾ ਲਿਆ।
ਇਸ ਮਾਮਲੇ ਵਿਚ ਕਈ ਬੁੱਕੀ ਅਤੇ ਜੁਆਰੀਏ ਹੁਣ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ, ਜਿਸ ਵਿਚ ਕਈ ਵਪਾਰੀ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕਬੀਰ ਨਗਰ ਦੀ ਗਲੀ ਨੰਬਰ 2 ਵਿਚ ਰਹਿੰਦੇ ਕਮਲ ਅਰੋੜਾ ਉਰਫ਼ ਟੀਟੂ ਨੇ ਆਪਣੇ ਘਰ ਵਿਚ ਬਿਜਲੀ ਦੀ ਤਾਰ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਟੀਟੂ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਨਿਊਜ਼ੀਲੈਂਡ ਵਿਚ ਹਨ।
ਇਸ ਮਾਮਲੇ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੁੱਕੀਆਂ ਅਤੇ ਜੁਆਰੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਮੋਬਾਇਲ ਉਨ੍ਹਾਂ ਦੇ ਕੋਲ ਹੀ ਹਨ। ਜੇਕਰ ਬੁੱਕੀ ਅਤੇ ਜੁਆਰੀਆਂ ਕਾਰਨ ਕਮਲ ਅਰੋੜਾ ਨੇ ਖੁਦਕੁਸ਼ੀ ਕੀਤੀ ਹੋਵੇਗੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸ਼ੱਕੀਆਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।