
ਫ਼ੌਜ ਦੀ ਪੈਨਸ਼ਨ ਵਿਚ ਕਟੌਤੀ ਅਣਉਚਿਤ: ਬ੍ਰਿਗੇਡੀਅਰ ਕਾਹਲੋਂ
ਚੰਡੀਗੜ੍ਹ, 13 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਫ਼ੌਜੀਆਂ ਦੀ ਪੈਨਸ਼ਨ ਵਿਚ ਕਟੌਤੀ ਕਰਨ ਵਾਲੀ ਖ਼ਬਰ ਅੱਗ ਦੇ ਭਬੂਕੇ ਵਾਂਗੂ ਫੈਲ ਰਹੀ ਹੈ ਜਿਸ ਕਾਰਨ ਫ਼ੌਜੀ ਵਰਗ ਅੰਦਰ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਦਾ ਸਿੱਧਾ ਪ੍ਰਭਾਵ ਫ਼ੌਜ ਦੇ ਮਨੋਬਲ ਤੇ ਪੈਣਾ ਸੁਭਾਵਕ ਹੋਵੇਗਾ। ਮਾਮਲਾ ਇਥੋਂ ਤਕ ਭੱਖ ਗਿਆ ਹੈ ਕਿ ਕੋਈ ਸਾਬਕਾ ਸੈਨਾਵਾਂ ਮੁਖੀਆਂ ਤੇ ਲੈਫ਼. ਜਨਰਲ ਰੈਂਕ ਦੇ ਅਫ਼ਸਰਾਂ ਤੇ ਕਈ ਹੋਰ ਉਚ ਕੋਟੀ ਦੇ ਸਿਵਲੀਅਨ ਵਿਸ਼ੇਸ਼ਯੱਗੀਆਂ ਨੇ ਅਪਣੇ ਲੇਖਾਂ ਅੰਦਰ ਚਿੰਤਾ ਪ੍ਰਗਟਾਈ ਹੈ। ਇਹ ਵਿਚਾਰ ਸਰਬ ਹਿੰਦ ਫ਼ੌਜੀ ਭਾਈਚਾਰਾ ਪੰਜਾਬ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕੁੱਝ ਪੱਤਰਕਾਰਾਂ ਨਾਲ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫ਼ੈਂਸ ਜਨਰਲ ਬਿਪਿਨ ਰਾਵਤ ਨੇ 1 ਜਨਵਰੀ 2020 ਨੂੰ ਇਹ ਅਹੁਦਾ ਸੰਭਾਲਿਆ ਤੇ ਉਸੇ ਸਮੇਂ ਫ਼ੌਜੀ ਮਾਮਲਿਆਂ ਦਾ ਨਵਾਂ ਵਿਭਾਗ ਹੋਂਦ ਵਿਚ ਆਇਆ (ਡੀ.ਐਮ.ਏ.)। ਸੀ.ਡੀ.ਐਸ ਦਾ ਮੁੱਖ ਉਦੇਸ਼ ਤਿੰਨਾਂ ਹਥਿਆਰਬੰਦ ਸੈਨਾਵਾਂ ਵਿਚ ਇਕਸੁਰਤਾ ਪੈਦਾ ਕਰ ਕੇ ਉਸ ਨੂੰ ਰਣਨੀਤਕ ਪੱਖੋਂ ਸ਼ਕਤੀਸ਼ਾਲੀ ਬਣਾਉਣਾ, ਉਨ੍ਹਾਂ ਦੀਆਂ ਦਿੱਕਤਾਂ, ਬਜਟ ਤੇ ਬਾਕੀ ਸਮੱਸਿਆਵਾਂ ਦਾ ਹੱਲ ਲੱਭਣਾ ਤੇ ਇਕ ਨੁਕਤਾ ਪ੍ਰਧਾਨ ਮੰਤਰੀ ਤੇ ਰਖਿਆ ਮੰਤਰੀ ਦਾ ਸਲਾਹਕਾਰ ਹੋਣਾ।