
ਮਹਿੰਗੇ ਬਿਜਲੀ ਸਮਝੌਤੇ ਰੱਦ ਕਰਨ ਨਾਲ ਹੀ ਮਿਲੇਗੀ ਪਾਵਰਕਾਮ ਅਤੇ ਲੋਕਾਂ ਨੂੰ ਰਾਹਤ : ਮੀਤ ਹੇਅਰ
ਚੰਡੀਗੜ੍ਹ, 13 ਨਵੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਹੈ ਕਿ ਜਦੋਂ ਤਕ ਪੰਜਾਬ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਮਹਿੰਗੇ ਅਤੇ ਇਕ ਤਰਫ਼ਾ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਨਹੀਂ ਕਰਦੀ, ਉਦੋਂ ਤਕ ਨਾ ਤੇ ਪਾਵਰਕਾਮ (ਬਿਜਲੀ ਬੋਰਡ) ਘਾਟੇ 'ਚੋਂ ਨਿਕਲ ਸਕੇਗੀ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਮਿਲ ਸਕੇਗੀ। ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਭ੍ਰਿਸ਼ਟ ਨੀਅਤ ਕਾਰਨ ਅੱਜ ਪਾਵਰਕਾਮ 31000 ਕਰੋੜ ਰੁਪਏ ਦੇ ਭਾਰੀ ਕਰਜ਼ ਥੱਲੇ ਦੱਬ ਚੁੱਕੀ ਹੈ, ਉਥੇ ਪੰਜਾਬ ਦੇ ਲੋਕਾਂ ਨੂੰ ਸੱਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ 2017 'ਚ ਸੱਤਾ ਸੰਭਾਲਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਪਣਾ ਚੋਣ ਵਾਅਦਾ ਨਿਭਾਅ ਕੇ ਨਿਜੀ ਥਰਮਲ ਪਲਾਂਟਾਂ ਨਾਲ ਬਾਦਲਾਂ ਵਲੋਂ ਕੀਤੇ ਘਾਤਕ ਸਮਝੌਤੇ ਰੱਦ ਕਰ ਦਿੰਦੀ ਤਾਂ ਅੱਜ ਪਾਵਰਕਾਮ ਵੀ ਵਿੱਤੀ ਸੰਕਟ 'ਚੋਂ ਉਭਰਿਆ ਹੁੰਦਾ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਮਹਿੰਗੇ ਬਿਜਲੀ ਬਿੱਲਾਂ ਤੋਂ ਰਾਹਤ ਮਿਲੀ ਹੁੰਦੀ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਵਾਂਗ ਬਿਜਲੀ ਮਾਫ਼ੀਆ ਦੀ ਝੋਲੀ 'ਚ ਡਿਗ ਪਏ। ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਿਜਲੀ ਬਾਰੇ ਵਾਈਟ ਪੇਪਰ ਜਨਤਕ ਕਰਨ ਤੋਂ ਵੀ ਭੱਜ ਗਏ ਹਨ।
ਮੀਤ ਹੇਅਰ ਨੇ ਕਿਹਾ ਕਿ ਦਿੱਲੀ 'ਚ ਵੀ ਕੇਜਰੀਵਾਲ ਸਰਕਾਰ ਬਣਨ ਤੋਂ ਪਹਿਲਾਂ ਨਿਜੀ ਬਿਜਲੀ ਕੰਪਨੀਆਂ, ਅਫ਼ਸਰਾਂ ਅਤੇ ਸਿਆਸਤਦਾਨਾਂ 'ਤੇ ਆਧਾਰਤ ਬਿਜਲੀ ਮਾਫ਼ੀਆ ਸਰਗਰਮ ਸੀ, ਜਿਸ ਨੂੰ ਕੇਜਰੀਵਾਲ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਤੋੜ ਦਿਤਾ ਅਤੇ ਦਿੱਲੀ ਦੀ ਜਨਤਾ ਨੂੰ ਸੱਭ ਤੋਂ ਸਸਤੀ ਅਤੇ ਸੱਭ ਤੋਂ ਵੱਧ ਮਾਤਰਾ 'ਚ ਮੁਫ਼ਤ ਬਿਜਲੀ ਮੁਹਈਆ ਕੀਤੀ। ਮੀਤ ਹੇਅਰ ਨੇ ਐਲਾਨ ਕੀਤਾ ਕਿ 2022 'ਚ ਜੇਕਰ 'ਆਪ' ਸੱਤਾ 'ਚ ਆਈ ਤਾਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਤੁਰੰਤ ਰੱਦ ਕਰ ਦਿਤੇ ਜਾਣimageਗੇ ਅਤੇ ਪੰਜਾਬ ਦੇ ਲੋਕਾਂ ਅਤੇ ਖ਼ਜ਼ਾਨੇ ਦੀ ਲੁੱਟ ਪੱਕੇ ਤੌਰ 'ਤੇ ਬੰਦ ਕਰ ਦਿਤੀ ਜਾਵੇਗੀ।