
ਆਵਾਰਾ ਪਸ਼ੂ ਕਾਰਨ ਇਕ ਵਿਅਕਤੀ ਦੀ ਮੌਤ
ਬਟਾਲਾ, 13 ਨਵੰਬਰ (ਪਪ) : ਬਟਾਲਾ ਦੇ ਪਿੰਡ ਛੀਨਾ ਵਿਚ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਹਰਦੇਵ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਮੰਗਲ ਸਿੰਘ (50) ਸਾਬਕਾ ਪੰਚ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਕੋਹਾੜ ਅੱਜ ਅਪਣੇ ਮੋਟਰਸਾਈਕਲ 'ਤੇ ਹੋ ਕੇ ਸਠਿਆਲੀ ਪੁਲ 'ਤੇ ਕਿਸੇ ਕੋਲੋਂ ਪੈਸੇ ਲੈਣ ਜਾ ਰਿਹਾ ਸੀ। ਜਦੋਂ ਉਹ ਪਿੰਡ ਛੀਨਾ ਨਜ਼ਦੀਕ ਪੁੱਜਾ ਤਾਂ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਇਕ ਆਵਾਰਾ ਪਸ਼ੂ ਆ ਗਿਆ, ਜਿਸ ਨਾਲ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਹ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਪ੍ਰਵਾਰਕ ਮੈਂਬਰਾਂ ਨੇ ਉਸ ਨੂੰ ਤੁਰਤ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ ਹੈ।