
ਬਾਬਾ ਬੁੱਢਾ ਵੰਸ਼ਜ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ 313 ਘਿਉ ਦੇ ਦੀਵੇ ਜਗਾਏ
ਅੰਮ੍ਰਿਤਸਰ, 13 ਨਵੰਬਰ (ਸੁਖਵਿੰਦਰਜੀਤ ਸਿੰਘ ਭਹੋੜੂ): ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 313 ਸਾਲਾ ਗੁਰਤਾਗੱਦੀ ਦਿਵਸ ਦੇ ਪਵਿੱਤਰ ਦਿਹਾੜੇ ’ਤੇ ਬਾਬਾ ਬੁੱਢਾ ਵੰਸ਼ਜ ਪ੍ਰੋਫ਼ੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਵਾਰ 313 ਘਿਉ ਦੇ ਦੀਵਿਆਂ ਦੀ 313 ਸਾਲਾ ਗੁਰਤਾਗੱਦੀ ਦੀ ਅਕਿ੍ਰਤੀ ਬਣਾ ਕੇ ਦੀਵੇ ਜਗਾਏ ਗਏ। ਪਹਿਲਾ ਦੀਵਾ ਪ੍ਰੋ: ਬਾਬਾ ਰੰਧਾਵਾ ਅਤੇ ਗੁ: ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਈ ਨੇ ਜਗਾਇਆ।
ਬੇਅੰਤ ਸੰਗਤਾਂ ਸਮੇਤ ਵਾਹਿਗੁਰੂ ਦਾ ਜਾਪ ਕਰਦੇ ਹੋਏ ਦੀਵੇ ਜਗਾਉਣ ਵੇਲੇ ਪ੍ਰੋ: ਬਾਬਾ ਰੰਧਾਵਾ ਨਾਲ ਤਖ਼ਤ ਇਸ਼ਨਾਨ ਲਈ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਲੈ ਕੇ ਜਾਣ ਵਾਲੇ ਗਾਗਰੀ ਜਥੇ ਦੇ ਸਿੰਘ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਭਾਈ ਅਜਮੇਰ ਸਿੰਘ, ਭਾਈ ਗੁਰਸ਼ੇਰ ਸਿੰਘ ਅਤੇ ਭਾਈ ਸੰਤਾ ਸਿੰਘ ਵੀ ਹਾਜ਼ਰ ਸਨ । ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੀਤ ਜਥੇਦਾਰ ਜੋਤਇੰਦਰ ਸਿੰਘ ਨੇ ਪ੍ਰੋਫ਼ੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਨੂੰ ਤਖ਼ਤ ਸਾਹਿਬ ਤੋਂ ਰੁਮਾਲਾ ਅਤੇ ਸਿਰੋਪਾਉ ਪਾ ਕੇ ਸਨਮਾਨਤ ਕੀਤਾ।