
ਸੌਦਾ ਸਾਧ ਵਿਰੁਧ ਮਈ 2007 ’ਚ ਦਰਜ ਹੋਇਆ ਕੇਸ ਮੁੜ ਖੋਲ੍ਹਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਕੋਟਕਪੂਰਾ, 13 ਨਵੰਬਰ (ਗੁਰਿੰਦਰ ਸਿੰਘ) : ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸਮੇਤ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸੀਨੀਅਰ ਆਗੂਆਂ ਦਾ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿਵਾਉਣ ਦੇ ਦਿਤੇ ਜਾ ਰਹੇ ਬਿਆਨ ਅਤੇ ਦਰਬਾਰ-ਏ-ਖ਼ਾਲਸਾ ਜਥੇਬੰਦੀ ਤੇ ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਸੌਦਾ ਸਾਧ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲਾ ਮਈ 2007 ਵਿਚ ਦਰਜ ਹੋਇਆ ਕੇਸ ਮੁੜ ਖੋਲ੍ਹਣ ਲਈ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਹੁਣ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਅਤੇ ਜਲਦ ਮਿਲਣਗੀਆਂ।
ਪੰਥਕ ਜਥੇਬੰਦੀਆਂ ਨੇ ਮਈ 2007 ਵਾਲੇ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਨਾ ਕਰਨ ਅਤੇ ਉਸ ਨੂੰ ਜਾਣਬੁੱਝ ਕੇ ਡਿਸਚਾਰਜ ਕਰਵਾਉਣ ਬਾਰੇ ਉੱਚ ਪਧਰੀ ਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਤੇ ਪੈ੍ਰਸ ਬਿਆਨ ਜਾਰੀ ਕਰ ਕੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਦਾਅਵਾ ਕੀਤਾ ਕਿ 20 ਮਈ 2007 ਨੂੰ ਬਠਿੰਡਾ ਵਿਖੇ ਸੌਦਾ ਸਾਧ ਵਿਰੁਧ ਦਰਜ ਹੋਏ ਮਾਮਲੇ ਦੀ ਆਈ.ਜੀ. ਪੱਧਰ ਦੇ ਅਧਿਕਾਰੀ ਵਲੋਂ ਕੀਤੀ ਜਾਂਚ ਵਿਚ ਸੌਦਾ ਸਾਧ ਨੂੰ ਕਸੂਰਵਾਰ ਠਹਿਰਾਇਆ ਗਿਆ ਸੀ ਪਰ ਬਾਅਦ ਵਿਚ ਬਠਿੰਡਾ ਪੁਲਿਸ ਨੇ ਸਿਆਸੀ ਦਬਾਅ ਕਾਰਨ ਅਦਾਲਤ ਵਿਚ ਚਲਾਨ ਪੇਸ਼ ਕਰਨ ਦੀ ਜੁਰਅੱਤ ਹੀ ਨਾ ਕੀਤੀ। ਉਨ੍ਹਾਂ ਆਖਿਆ ਕਿ 12 ਅਕਤੂਬਰ 2015 ਨੂੰ ਸੌਦਾ ਸਾਧ ਦੇ ਚੇਲਿਆਂ ਵਲੋਂ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੀ ਤਾਂ ਹੀ ਜੁਰਅੱਤ ਕੀਤੀ ਗਈ, ਕਿਉਂਕਿ ਮਈ 2007 ਵਾਲੇ ਕੇਸ ਵਿਚ ਬਾਦਲਾਂ ਨੇ ਸੌਦਾ ਸਾਧ ਨੂੰ ਸ਼ਰੇਆਮ ਬਚਾਅ ਲਿਆ ਸੀ। ਉਨ੍ਹਾਂ ਲਗਾਤਾਰ ਕਈ ਸਾਲ ਸੌਦਾ ਸਾਧ ਅਤੇ ਉਸ ਦੇ ਪ੍ਰੇਮੀਆਂ ਨੂੰ ਰਾਜਨੀਤਕ ਸ਼ਹਿ ਦੇਣ ਦਾ ਵੀ ਬਾਦਲਾਂ ’ਤੇ ਦੋਸ਼ ਲਾਇਆ। ਭਾਈ ਮਾਝੀ ਨੇ ਸਪੱਸ਼ਟ ਕੀਤਾ ਕਿ ਉਹ ਇਸ ਸਬੰਧੀ 29-01-2019 ਅਤੇ 16-07-20202 ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਪੱਤਰ ਭੇਜ ਚੁੱਕੇ ਹਨ ਪਰ ਉਨ੍ਹਾਂ ਉਕਤ ਕੇਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਜਦਕਿ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪਾਰਟੀ ਦੇ ਮੂਹਰਲੀ ਕਤਾਰ ਦੇ ਸੀਨੀਅਰ ਆਗੂਆਂ ਨੇ ਵੀ ਇਕ ਤੋਂ ਵੱਧ ਵਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਸਬੰਧੀ ਵਾਅਦੇ ਅਤੇ ਦਾਅਵੇ ਕੀਤੇ ਸਨ। 35 ਪੰਥਕ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਦੇ ਸਮੂਹ ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਫਗਵਾੜਾ ਵਲੋਂ ਭੇਜੀ ਉਕਤ ਚਿੱਠੀ ਵਿਚ ਬਹੁਤ ਵਿਸਥਾਰ ਨਾਲ ਸਾਰੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ।