
ਸਵਾਲ ਇਹ ਉੱਠਦਾ ਹੈ ਕਿ ਜੇਲ੍ਹਾਂ ਵਿਚ ਇੰਨੇ ਸਖ਼ਤ ਪਹਿਰਿਆਂ ਦੇ ਬਾਵਜੂਦ ਨਸ਼ਾ ਕਿਵੇਂ ਪੁੱਜ ਰਿਹਾ ਹੈ।
ਲੁਧਿਆਣਾ: ਪੰਜਾਬ ਦੀਆਂ ਜੇਲ੍ਹਾਂ ’ਚ ਪਿਛਲੇ ਕਈ ਮਹੀਨਿਆਂ ਤੋਂ ਪਾਬੰਦੀਸ਼ੁਦਾ ਚੀਜ਼ਾਂ ਮਿਲਣ ਦਾ ਸਿਲਸਿਲਾ ਚੱਲ ਰਿਹਾ ਹੈ। ਇਨ੍ਹਾਂ ਚੀਜ਼ਾਂ ਨੂੰ ਜੇਲ੍ਹ ’ਚ ਪਹੁੰਚਾਉਣ ਵਾਲੇ ਸਟਾਫ ਦੇ ਮੈਂਬਰ ਹੀ ਹਨ। ਹਾਲ ਹੀ ਵਿਚ ਪੰਜਾਬ ਭਰ ’ਚ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਚ ਜੇਲ ਦੇ ਅਧਿਕਾਰੀ ਤੇ ਮੁਲਾਜ਼ਮ ਹੀ ਜੇਲ੍ਹ ’ਚ ਨਸ਼ਿਆਂ ਦੀ ਤਸਕਰੀ ਕਰ ਰਹੇ ਸਨ ਤੇ ਉਨ੍ਹਾਂ ਖਿਲਾਫ਼ ਕਾਰਵਾਈ ਹੋਈ ਹੈ। ਇਸੇ ਲੜੀ ਤਹਿਤ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਨਸ਼ਾ ਸਪਲਾਈ ਦੇ ਦੋਸ਼ ’ਚ ਪੁਲਿਸ ਨੇ 2 ਅਣਪਛਾਤੇ ਵਿਅਕਤੀਆਂ ਸਮੇਤ ਕੁੱਲ 15 ਲੋਕਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ, ਜਿਸ ਵਿਚ ਜੇਲ੍ਹ ਸਟਾਫ ਵੀ ਸ਼ੱਕ ਦੇ ਘੇਰੇ ਵਿਚ ਆ ਰਿਹਾ ਹੈ, ਸਵਾਲ ਇਹ ਉੱਠਦਾ ਹੈ ਕਿ ਜੇਲ੍ਹਾਂ ਵਿਚ ਇੰਨੇ ਸਖ਼ਤ ਪਹਿਰਿਆਂ ਦੇ ਬਾਵਜੂਦ ਨਸ਼ਾ ਕਿਵੇਂ ਪੁੱਜ ਰਿਹਾ ਹੈ।
ਸੂਬੇ ’ਚ ਨਸ਼ਾ ਰੋਕਣ ਲਈ ਤਾਇਨਾਤ ਸਪੈਸ਼ਲ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੇਲ ’ਚ ਆਉਣ-ਜਾਣ ਵਾਲੇ ਵਾਹਨਾਂ ਦੇ ਜ਼ਰੀਏ ਕੁਝ ਲੋਕ ਕਥਿਤ ਤੌਰ ’ਤੇ ਬਾਹਰ ਨਸ਼ਿਆਂ ਦੀ ਸਪਲਾਈ ਕਰ ਰਹੇ ਹਨ, ਜਿਸ ਨੂੰ ਜੇਲ੍ਹ ’ਚ ਪ੍ਰਾਪਤ ਕਰ ਕੇ ਅੱਗੇ ਜੇਲ੍ਹ ਦੇ ਕੁਝ ਸਟਾਫ਼ ਦੇ ਮੈਂਬਰ ਕਥਿਤ ਰੂਪ ’ਚ ਕੈਦੀਆਂ ਤੱਕ ਪਹੁੰਚਾਉਣ ਦੇ ਕੰਮ ’ਚ ਸ਼ਾਮਲ ਹੋ ਸਕਦੇ ਹਨ ਪਰ ਅਜੇ ਇਸ ’ਤੇ ਅੰਦਰਖਾਤੇ ਜਾਂਚ ਜਾਰੀ ਹੈ ਅਤੇ ਜਾਂਚ ਏਜੰਸੀ ਅਜੇ ਕਿਸੇ ਵੀ ਤੱਥ ਨੂੰ ਖੋਲ੍ਹਣ ਤੋਂ ਮਨ੍ਹਾ ਕਰ ਰਹੀ ਹੈ। ਸੂਤਰਾਂ ਮੁਤਾਬਕ ਸਪੈਸ਼ਲ ਸੈੱਲ ਨੇ ਇਸ ਸਬੰਧੀ ਕੁੱਲ 15 ਅਪਰਾਧੀਆਂ ’ਤੇ ਨਸ਼ਾ ਸਮੱਗਲਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਦਾ ਤਾਜਪੁਰ ਰੋਡ ਕੇਂਦਰੀ ਜੇਲ੍ਹ ਦੇ ਇਕ ਅਜਿਹੇ ਅਧਿਕਾਰੀ ’ਤੇ ਵੀ ਤਿੱਖੀ ਨਜ਼ਰ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ’ਚ ਲਗਾਤਾਰ ਤਾਇਨਾਤੀ ’ਤੇ ਹੈ, ਜਦੋਂਕਿ ਉਸ ਦੇ ਸਾਥੀ ਅਧਿਕਾਰੀ ਕਦੋਂ ਦੇ ਜਾਂ ਤਾਂ ਬਦਲੇ ਜਾ ਚੁੱਕੇ ਹਨ ਜਾਂ ਆਪਣੀਆਂ ਕਥਿਤ ਬੇਨਿਯਮੀਆਂ ਕਾਰਨ ਮੁਅੱਤਲ ਵੀ ਹੋ ਚੁੱਕੇ ਹਨ ਪਰ ਇਸ ਅਧਿਕਾਰੀ ਦੀ ਲਗਾਤਾਰ ਤਾਇਨਾਤੀ ਹੁਣ ਚਰਚਾ ’ਚ ਆ ਗਈ ਹੈ।