
ਜਦੋਂ ਸਰਕਾਰ ਨੇ ਮੰਗਾਂ ਮੰਨ ਲਈਆਂ ਤਾਂ ਅੰਦੋਲਨ ਗ਼ੈਰ ਵਾਜਬ : ਸੋਮ ਪ੍ਰਕਾਸ਼
ਕਿਹਾ, ਸਰਕਾਰ ਗੱਲਬਾਤ ਲਈ ਤਿਆਰ ਹੈ
ਚੰਡੀਗੜ੍ਹ, 13 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਲਗਾਤਾਰ 18ਵੇਂ ਦਿਨ ਅੰਦੋਲਨ ਜਾਰੀ ਹੈ। ਇਸੇ ਕਾਰਨ ਅੱਜ ਪੰਜਾਬ ਭਾਜਪਾ ਦੇ ਕੁੱਝ ਆਗੂਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ ਵੀ ਸ਼ਾਮਲ ਸਨ।
ਉਨ੍ਹਾਂ ਕਿਸਾਨ ਅੰਦੋਲਨ ਬਾਰੇ ਕਿ ਕਿਹਾ ਕਿ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਤਾਂ ਕਿਸਾਨਾਂ ਦਾ ਅੰਦੋਲਨ ਗੈਰ ਵਾਜਬ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਸਤਾਵ ਭੇਜ ਕੇ ਬਿਜਲੀ, ਪ੍ਰਦੂਸ਼ਣ ਬਿੱਲ ਸਮੇਤ ਸਾਰੀਆਂ ਮੰਗਾਂ ਮੰਨ ਲਈਆਂ ਸਨ ਤੇ ਕਾਨੂੰਨਾਂ ਵਿਚ ਸੋਧ ਕਰਨ ਨੂੰ ਵੀ ਤਿਆਰ ਹੈ ਤਾਂ ਵੀ ਕਿਸਾਨ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਨਹੀਂ ਹੋ ਸਕਦੇ ਪਰ ਕਿਸਾਨਾਂ ਨਾਲ ਸਰਕਾਰ ਸੋਧਾਂ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ।
ਸੋਮ ਪ੍ਰਕਾਸ਼ ਨੇ ਕਿਹਾ ਕਿ ਕਿਸਾਨ ਗੱਲਬਾਤ ਦਾ ਰਸਤਾ ਅਪਣਾਉਣ ਤੇ ਧਰਨੇ ਛੱਡ ਕੇ ਅਪਣੇ ਘਰਾਂ ਨੂੰ ਪਰਤ ਜਾਣ ਕਿਉਂਕਿ ਸਰਦੀ ਦੇ ਮੌਸਮ 'ਚ ਸਾਰਿਆਂ ਨੂੰ ਤਕਲੀਫ਼ ਹੈ। ਇਹ ਪੁਛਣ 'ਤੇ ਕਿ ਕੀ ਕਿਸਾਨਾਂ ਨੂੰ ਲਿਖਤੀ ਸੱਦਾ ਪੱਤਰ ਭੇਜਿਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਗੱਲਬਾਤ ਹੋਵੇ ਤੇ ਨਿਸ਼ਚਿਤ ਤੌਰ 'ਤੇ ਕਿਸਾਨਾਂ ਨੂੰ ਸੱਦਾ ਭੇਜਿਆ ਜਾਵੇਗਾ।
ਕਾਂਗਰਸੀ ਆਗੂਆਂ ਦੇ ਧਰਨੇ ਬਾਰੇ ਸੋਮ ਪ੍ਰਕਾਸ਼ ਨੇ ਕਿਹਾ ਕਿ ਜਿਹੜੀ ਪਾਰਟੀ ਨੇ ਅਪਣੇ ਮੈਨੀਫ਼ੈਸਟੋ 'ਚ ਇਨ੍ਹਾਂ ਸਾਰੇ ਕਾਨੂੰਨਾਂ ਦਾ ਜ਼ਿਕਰ ਕੀਤਾ ਸੀ, ਜੇਕਰ ਉਸ ਦੇ ਆਗੂ ਇਨ੍ਹਾਂ ਨੂੰ ਗ਼ਲਤ ਕਹਿੰਦੇ ਹਨ ਤਾਂ ਇਹ ਦੇਸ਼ ਲਈ ਦੁਖਦ ਖ਼ਬਰ ਹੈ।
ਜਿਆਣੀ ਵਲੋਂ ਦਿਤੇ ਬਿਆਨ ਕਿ ਕੈਪਟਨ, ਬਾਦਲ ਤੇ ਚੌਟਾਲਾ ਨੂੰ ਤੀਜੀ ਧਿਰ ਬਣਨਾ ਚਾਹੀਦਾ ਹੈ ਤਾਂ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਤਿੰਨੇ ਕਿਉਂ, ਉਹ ਇਨ੍ਹਾਂ ਸਮੇਤ ਸਾਰੇ ਹੀ ਆਗੂਆਂ ਨੂੰ ਅਪੀਲ ਕਰਦੇ ਹਨਟ ਕਿ ਉਹ ਕਿਸਾਨਾਂ ਨੂੰ ਸਮਝਾਉਣ ਤੇ ਅਜਿਹਾ ਫ਼ੈਸਲਾ ਲੈਣ ਜੋ ਕਿ ਦੇਸ਼ ਹਿੱਤ ਵਿਚ ਹੋਵੇ।