
ਕਿਸਾਨ ਆਗੂ ਅੱਜ ਦਿੱਲੀ ਸਰਹੱਦ 'ਤੇ ਕਰਨਗੇ ਭੁੱਖ ਹੜਤਾਲ
ਨਵੀਂ ਦਿੱਲੀ, 13 ਦਸੰਬਰ: ਐਤਵਾਰ ਨੂੰ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦਾ 18ਵਾਂ ਦਿਨ ਸੀ। ਕਿਸਾਨ ਨੇਤਾਵਾਂ ਨੇ ਸ਼ਾਮ ਨੂੰ ਇਕ ਪ੍ਰੈਸ ਕਾਨਫ਼ਰੰਸ ਕੀਤੀ।
ਉਨ੍ਹਾਂ ਐਲਾਨ ਕੀਤਾ ਕਿ ਸਾਰੇ ਕਿਸਾਨ ਆਗੂ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਦਿੱਲੀ ਸਰਹੱਦ 'ਤੇ ਭੁੱਖ ਹੜਤਾਲ ਕਰਨਗੇ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਪ੍ਰਦਰਸ਼ਨ ਹੋਣਗੇ। ਅਣਚਾਹੇ ਤੱਤਾਂ ਨੂੰ ਅੰਦੋਲਨ ਤੋਂ ਦੂਰ ਰੱਖਣ ਲਈ ਨਿਗਰਾਨੀ ਵੀ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਅਸੀਂ ਗਾਜ਼ੀਆਬਾਦ ਸਰਹੱਦ 'ਤੇ ਕੁਝ ਗ਼ਲਤ ਪੋਸਟਰਾਂ ਨਾਲ ਅੰਦੋਲਨ ਵਿਚ ਸ਼ਾਮਲ ਹੋਏ ਸੀ, ਉਨ੍ਹਾਂ ਨੂੰ ਅਸੀਂ ਹਟਾਇਆ ਅਤੇ ਅੱਗੇ ਸਾਨੂੰ ਅਜਿਹੇ ਲੋਕਾਂ 'ਤੇ ਨਜ਼ਰ ਰਖਣੀ ਪਏਗੀ। (ਏਜੰਸੀ)