
ਪਿਉ ਤੇ ਭਰਾ ਸਰਹੱਦਾਂ 'ਤੇ ਅਤੇ ਧੀਆਂ ਦਿੱਲੀ ਵਿਚ ਸ਼ੇਰਨੀਆਂ ਵਾਂਗ ਰਹੀਆਂ ਨੇ ਗਰਜ
ਨਵੀਂ ਦਿੱਲੀ, 13 ਦਸੰਬਰ (ਸ਼ੈਸ਼ਵ ਨਾਗਰਾ): ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਵਿਚ ਕਿਸਾਨ ਪ੍ਰਵਾਰ ਦੀਆਂ ਅਜਿਹੀਆਂ ਧੀਆਂ ਵੀ ਡਟੀਆਂ ਹੋਈਆਂ ਹਨ ਜਿਨ੍ਹਾਂ ਦੇ ਪਿਉ ਤੇ ਭਰਾ ਸਰਹੱਦਾਂ 'ਤੇ ਡਟੇ ਹੋਏ ਹਨ । ਦਿੱਲੀ ਸਿੰਘੂ ਬਾਰਡਰ ਤੇ ਇਹ ਕਿਸਾਨ ਧੀਆਂ ਸ਼ੇਰਨੀਆਂ ਵਾਂਗ ਗਰਜ ਰਹੀਆਂ ਹਨ। ਇਸ ਧਰਨੇ ਵਿਚ ਸ਼ਾਮਲ ਕਿਸਾਨ ਧੀ ਸਿਮਰਨ ਕੌਰ ਨੇ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਕਿਹਾ,“ਸਾਰੇ ਲੋਕ ਜਾਣਦੇ ਹਨ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ। ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਵੀ ਕਿਸਾਨਾਂ ਦੇ ਹੱਕ ਵਿਚ ਡਟੀ ਹੋਈ ਹੈ, ਕਿਉਂਕਿ ਉਹ ਜਾਣਦੇ ਹਨ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ।''
ਉਨ੍ਹਾਂ ਅੱਗੇ ਕਿਹਾ ਕਿ ਪੜ੍ਹੇ ਲਿਖੇ ਲੋਕ ਇਨ੍ਹਾਂ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਪਰ ਇਨ੍ਹਾਂ ਨੂੰ ਲਗਦਾ ਹੈ ਕਿ ਪੰਜਾਬ ਵਿਚ ਪੜ੍ਹੇ ਲਿਖੇ ਲੋਕ ਨਹੀਂ ਹਨ ਇਹ ਸੱਭ ਲੋਕ ਸਮਝ ਨਹੀਂ ਸਕਦੇ ਹਨ। ਪਰ ਇਨ੍ਹਾਂ ਦਾ ਭੁਲੇਖਾ ਹੈ। ਇਨ੍ਹਾਂ ਸਭ ਨੂੰ ਡਾਟਾ ਚੈੱਕ ਕਰਵਾਉਣਾ ਚਾਹੀਦਾ ਹੈ। ਸੱਭ ਤੋਂ ਜ਼ਿਆਦਾ ਲੋਕ ਹੀ ਪੰਜਾਬ ਦੇ ਆਈਲੈਟਸ ਪਾਸ ਕਰਦੇ ਹਨ, ਪੰਜਾਬੀ ਲੋਕ ਹੀ ਸੱਭ ਤੋਂ ਜ਼ਿਆਦਾ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ। ਕੰਗਨਾ ਰਣੌਤ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,“ਸਾਨੂੰ ਉਸ ਨੂੰ ਮੱਹਤਤਾ ਦੇਣ ਦੀ ਲੋੜ ਨਹੀਂ ਉਹ ਵਾਰ ਵਾਰ ਲਿਖਦੀ ਹੈ ਮੈਨੂੰ ਤੁਸੀ ਮਹਾਨ ਬਣਾ ਦਿਉ ਮਹਾਨ।''
ਇਸ ਤੋਂ ਬਾਅਦ ਦੂਜੀ ਕਿਸਾਨ ਧੀ ਨਾਲ ਗੱਲਬਾਤ ਕੀਤੀ ਉਸ ਨੇ ਕਿਹਾ, “ਪਹਿਲਾਂ ਕਿਸਾਨਾਂ ਨੂੰ ਕਹਿ ਰਹੇ ਸੀ ਬੁਰਾੜੀ ਦੇ ਮੈਦਾਨ ਵਿਚ ਚਲੇ ਜਾਣ ਉਦੋਂ ਹੀ ਅਸੀਂ ਮੀਟਿੰਗ ਕਰਾਂਗੇ ਪਰ ਜਦੋਂ ਕਿਸਾਨਾਂ ਇਥੇ ਹੀ ਡਟ ਗਏ ਤੇ ਉਦੋਂ ਹੀ ਕਿਸਾਨਾਂ ਨੂੰ ਮੀਟਿੰਗ ਲਈ ਸੱਦ ਲਿਆ ਹੈ ਪਰ ਅਸੀਂ ਅੱਗੇ ਹੀ ਵੱਧ ਰਹੇ ਹਨ। ਮੈਨੂੰ ਉਮੀਦ ਹੈ ਕਿ ਸੱਭ ਕਿਸਾਨ ਇਥੋਂ ਜਿੱਤ ਕੇ ਹੀ ਵਾਪਸ ਜਾਣਗੇ। ਇਹ ਲੋਕ ਸਾਡੀ ਜ਼ਮੀਨਾਂ ਨੂੰ ਹੜੱਪਣਾ ਚਾਹੁੰਦੇ ਹਨ ਪਰ ਅਸੀਂ ਇਦਾ ਨਹੀਂ ਹੋਣ ਦੇਵੇਗਾ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ।''