
ਪੰਜਾਬ ਦੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿਖ ਲਈ ਬਿਜਲੀ ਦੀ ਬੱਚਤ ਕਰਨ : ਏ. ਵੇਨੂ ਪ੍ਰਸਾਦ ਦੀ ਅਪੀਲ
ਪਟਿਆਲਾ, 13 ਦਸੰਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ੍ਰੀ ਏ. ਵੇਨੂ ਪ੍ਰਸਾਦ ਨੇ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿਖ ਲਈ ਬਿਜਲੀ ਦੀ ਬੱਚਤ ਕਰਨ ਦਾ ਵਾਅਦਾ ਦਾ ਸੱਦਾ ਦਿਤਾ। ਰਾਸ਼ਟਰੀ ਊਰਜਾ ਬਚਤ ਦਿਵਸ ਮੌਕੇ ਪੰਜਾਬ ਦੇ ਲੋਕਾਂ ਨੂੰ ਦਿਤੇ ਸੰਦੇਸ਼ ਵਿਚ ਸ਼੍ਰੀ ਏ.ਵੇਨੂੰ ਪ੍ਰਸਾਦ ਨੇ ਕਿਹਾ ਕਿ ਬਿਜਲੀ ਦੇਸ਼ ਦੇ ਆਰਥਕ ਵਿਕਾਸ ਲਈ ਮੁਢਲੀ ਕੁੰਜੀ ਹੈ, ਇਸ ਲਈ ਸਾਰੇ ਨਾਗਰਿਕਾਂ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਬਿਜਲੀ ਦੀ ਬਚਤ ਕਰਨ ਅਤੇ ਇਸ ਵਿਚ ਅਪਣਾ ਯੋਗਦਾਨ ਪਾਉਣ।
ਸੀ.ਐਮ.ਡੀ., ਸ਼੍ਰੀ ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਹਰ ਬਿਜਲੀ ਦੀ ਇਕਾਈ (ਯੂਨਿਟ) ਦੀ ਬਚਤ 1.25 ਬਿਜਲੀ ਯੂਨਿਟ ਪੈਦਾ ਕਰਨ ਦੇ ਬਰਾਬਰ ਹੈ। ਲੋਕਾਂ ਨੂੰ ਬਿਜਲੀ ਦੀ ਬਚਤ ਸਬੰਧੀ ਜਾਗਰੂਕ ਹੋ ਕੇ ਊਰਜਾ ਦੀ ਖਪਤ ਨੂੰ ਵਧੇਰੇ ਨੈਤਿਕ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਖਪਤਕਾਰਾਂ ਨੂੰ ਬੀ.ਈ.ਈ. ਦੇ ਨਿਯਮਾਂ ਅਨੁਸਾਰ ਊਰਜਾ ਦੇ ਕੁਸ਼ਲ ਉਪਕਰਨਾਂ ਦੀ ਚੋਣ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਬਚਾਉਣ ਲਈ ਵੱਖ-ਵੱਖ ਕਦਮ ਚੁੱਕੇ ਹਨ, ਜਿਸ ਵਿਚ ਨਿਗਮ ਦੀਆਂ ਵੱਖ-ਵੱਖ ਦਫ਼ਤਰੀ ਇਮਾਰਤਾਂ ਵਿਚ 20 ਵਾਟ ਦੀਆਂ 42582 ਐਲਈਡੀ ਟਿਊਬਾਂ ਅਤੇ 9 ਵਾਟ ਦੇ 4137 ਐਲਈਡੀ ਲੈਂਪ ਲਗਾਏ ਗਏ ਹਨ।
ਨਾਗਰਿਕਾਂ ਨੂੰ ਬਿਜਲੀ ਬਚਾਉਣ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ 96 ਲੱਖ ਤੋਂ ਵੱਧ ਬਿਜਲੀ ਖਪਤਕਾਰ ਹਨ ਅਤੇ ਜੇ ਹਰ ਇਕ ਖਪਤਕਾਰ ਇਕ ਯੂਨਿਟ ਬਿਜਲੀ ਦੀ ਬਚਤ ਹਰ ਦਿਨ ਕਰਦਾ ਹੈ ਤਾਂ ਬਿਜਲੀ ਦੀ ਵੱਡੀ ਬਚਤ ਹੋ ਸਕਦੀ ਹੈ ਅਤੇ ਖਪਤਕਾਰਾਂ ਨੂੰ ਪੈਸੇ ਦੀ ਬਚਤ ਕਰਨ ਵਿਚ ਵੀ ਸਹਾਇਤਾ ਮਿਲੇਗੀ ।
ਪੀਏਟੀ 14