
ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਅਤੇ ਹੋਰ ਕਈ ਕਲਾਕਾਰਾਂ ਵਲੋਂ ‘ਜੂਝਦਾ ਪੰਜਾਬ’ ਮੰਚ ਦਾ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਅਤੇ ਹੋਰ ਕਈ ਕਲਾਕਾਰਾਂ ਵਲੋਂ ‘ਜੂਝਦਾ ਪੰਜਾਬ’ ਮੰਚ ਦਾ ਐਲਾਨ ਕੀਤਾ ਗਿਆ ਹੈ। ਕਈ ਪੰਜਾਬੀ ਅਦਾਕਾਰ ਅਤੇ ਕਲਾਕਾਰ ਇਸ ਮੰਚ ਦਾ ਹਿੱਸਾ ਬਣੇ ਹਨ। ਇਸ ਮੌਕੇ ਜੂਝਦਾ ਪੰਜਾਬ ਦੇ ਮੈਂਬਰ ਗੁਲ ਪਨਾਗ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਰਾਜਨੀਤਿਕ ਢਾਂਚੇ ਵਿਚ ਬਦਲਾਅ ਲਿਆਉਣ ਲਈ ‘ਜੂਝਦਾ ਪੰਜਾਬ’ ਵਰਗੀਆਂ ਪਹਿਲਕਦਮੀਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ।
Gul Panag
ਉਹਨਾਂ ਕਿਹਾ ਕਿ ਚਿਹਰੇ ਅਤੇ ਪਾਰਟੀਆਂ ਬਦਲਣ ਨਾਲ ਕੁਝ ਨਹੀਂ ਬਦਲੇਗਾ, ਕਿਉਂਕਿ ਬਦਲਾਅ ਲਿਆਉਣ ਦਾ ਕਿਸੇ ਦਾ ਇਰਾਦਾ ਹੀ ਨਹੀਂ ਹੈ। ਜਦੋਂ ਤੱਕ ਅਸੀਂ ਇਮਾਨਦਾਰੀ ਨਾਲ ਪੰਜਾਬ ਦੇ ਏਜੰਡੇ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਉਦੋਂ ਤੱਕ ਕੁਝ ਵੀ ਸੰਭਵ ਨਹੀਂ ਹੈ। ਗੁਲ ਪਨਾਗ ਨੇ ਕਿਹਾ ਕਿ ਲੋਕਾਂ ਨਾਲ ਮੁਫਤ ਵਾਅਦੇ ਕਰਨ ਦੀ ਬਜਾਏ ਉਹਨਾਂ ਨੂੰ ਮੁੱਦਿਆਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਮੇਂ ਵੋਟਰ ਨੂੰ ਪੂਰੀ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਉਸ ਵੋਟਰ ਨੇ ਹੀ ਭਵਿੱਖ ਦੀ ਸਿਰਜਣਾ ਕਰਨੀ ਹੈ। ਲੋਕਾਂ ਦੀ ਰਾਜਨੀਤੀ ਉਹੀ ਹੁੰਦੀ ਹੈ ਜਦੋਂ ਲੋਕ ਅਪਣੇ ਹਿਸਾਬ ਨਾਲ ਕੰਮ ਕਰਵਾਉਣ।
Jujhda Punjab
ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਅੰਦੋਲਨ ਇਕ ਮਿਸਾਲ ਬਣਿਆ ਹੈ, ਕਿਸਾਨ ਮੈਦਾਨ ਵਿਚ ਡਟ ਕੇ ਖੜੇ ਰਹੇ ਅਤੇ ਸਰਕਾਰ ਨੂੰ ਝੁਕਣਾ ਪਿਆ। ਗੁਲ ਪਨਾਗ ਦਾ ਕਹਿਣਾ ਹੈ ਕਿ ਲੋਕਾਂ ਦੀ ਰਾਜਨੀਤੀ ਉਦੋਂ ਹੀ ਹੋਵੇਗੀ, ਜਦੋਂ ਉਹਨਾਂ ਦੀ ਸੁਣਵਾਈ ਹੋਵੇਗੀ, ਜੇਕਰ ਅਸੀਂ ਉਹੀ ਤਿੰਨ-ਚਾਰ ਲੋਕਾਂ ਨੂੰ ਵਾਰੀ-ਵਾਰੀ ਸੱਤਾ ਵਿਚ ਲਿਆਵਾਂਗੇ ਤਾਂ ਕੋਈ ਬਦਲਾਅ ਨਹੀਂ ਹੋਵੇਗਾ। ਏਜੰਡੇ ਬਦਲਣ ਨਾਲ ਹੀ ਬਦਲਾਅ ਆਵੇਗਾ। ਉਹਨਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਹਨਾਂ ਦੇ ਹੱਥਾਂ ਵਿਚ ਬਹੁਤ ਵੱਡੀ ਤਾਕਤ ਹੈ। ਕੁਝ ਲੋਕਾਂ ਨੇ ਚੰਗੇ ਕੰਮ ਵੀ ਕੀਤੇ ਹਨ ਪਰ ਏਜੰਡਾ ਜ਼ਰੂਰ ਤੈਅ ਹੋਣਾ ਚਾਹੀਦਾ ਹੈ।
Gul Panag
ਦਿੱਲੀ ਦੀ ਸਿੱਖਿਆ ਪ੍ਰਣਾਲੀ ਬਾਰੇ ਗੱਲ ਕਰਦਿਆਂ ਗੁਲ ਪਨਾਗ ਨੇ ਕਿਹਾ ਕਿ ਦਿੱਲੀ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਕੀਤੇ ਗਏ ਕੰਮਾਂ ਕਾਰਨ ਸਿੱਖਿਆ ਪੰਜਾਬ ਵਿਚ ਬਹੁਤ ਵੱਡਾ ਮੁੱਦਾ ਬਣ ਗਈ ਹੈ ਪਰ ਉਹਨਾਂ ਵਲੋਂ ਵੀ ਪੰਜਾਬ ਵਿਚ ਆਮ ਸਿਆਸੀ ਪਾਰਟੀ ਵਾਂਗ ਐਲਾਨ ਕੀਤੇ ਜਾ ਰਹੇ ਹਨ। ਗੁਲ ਪਨਾਗ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਈ ਹੈ, ਇਸ ਦੇ ਚਲਦਿਆਂ ਸਿਆਸੀ ਪਾਰਟੀਆਂ ਵੀ ਕਿਸਾਨੀ ਦੀ ਗੱਲ਼ ਕਰਨ ਲਈ ਮਜਬੂਰ ਹੋਈਆਂ ਹਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੰਨਾ ਵੱਡਾ ਅੰਦੋਲਨ ਹੋਣ ਦੇ ਬਾਵਜੂਦ ਕਿਸੇ ਵੀ ਸਿਆਸੀ ਪਾਰਟੀ ਨੇ ਖੇਤੀਬਾੜੀ ਸੁਧਾਰ ਸਬੰਧੀ ਕੋਈ ਬਿਆਨ ਨਹੀਂ ਦਿੱਤਾ।