
ਕਿਹਾ, ਮਾੜੇ ਅਨਸਰ ਕਿਸੇ ਇਕ ਜਾਤ ਜਾਂ ਧਰਮ ਨਾਲ ਸਬੰਧਤ ਨਹੀਂ ਹੁੰਦੇ
Gurjeet Singh Aujla: ਸੰਸਦ ਦੀ ਸੁਰੱਖਿਆ 'ਚ ਕੁਤਾਹੀ ਤੋਂ ਬਾਅਦ ਸੰਸਦ ਮੈਂਬਰਾਂ ਦੀਆਂ ਪ੍ਰਤੀਕਿਰਿਆਵਾਂ ਦਾ ਸਿਲਸਿਲਾ ਜਾਰੀ ਹੈ। ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਾਰੀ ਪਾਸ ਜੇਕਰ ਕਿਸੇ ਹੋਰ ਪਾਰਟੀ ਦੇ ਆਗੂ ਵਲੋਂ ਬਣਿਆ ਹੁੰਦਾ ਤਾਂ ਮਾਮਲਾ ਕਿਤੇ ਹੋਰ ਚਲਾ ਜਾਣਾ ਸੀ, ਪੂਰੀ ਪਾਰਟੀ ਨੂੰ ਬਦਨਾਮ ਕੀਤਾ ਜਾਂਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਬੰਬ ਸੁੱਟਣ ਵਾਲੇ ਲੋਕ ਕਿਸੇ ਹੋਰ ਧਰਮ ਦੇ ਹੁੰਦੇ ਤਾਂ ਧਰਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਹੋਣੀਆਂ ਸੀ।
ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਮੁਲਜ਼ਮ ਦਾ ਪਾਸ ਭਾਜਪਾ ਸੰਸਦ ਮੈਂਬਰ ਵਲੋਂ ਬਣਿਆ ਹੈ ਪਰ ਉਨ੍ਹਾਂ ਦਾ ਕਸੂਰ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਹ ਪਾਸ ਕਿਸੇ ਵਿਰੋਧੀ ਆਗੂ ਜਾਂ ਕਿਸੇ ਹੋਰ ਧਰਮ ਦੇ ਵਿਅਕਤੀ ਕੋਲੋਂ ਬਣਿਆ ਹੁੰਦਾ ਤਾਂ ਮਾਮਲੇ ਨੂੰ ਹੋਰ ਰੰਗਤ ਦੇ ਦਿਤੀ ਜਾਣੀ ਸੀ।
ਕਾਂਗਰਸ ਆਗੂ ਨੇ ਅਮਿਤ ਮਾਲਵੀਆ ਦੀ ਪੋਸਟ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਲੋਕ ਗਲਤ ਗੱਲ ਕਰਦੇ ਹਨ। ਜੇਕਰ ਮੈਂ ਹਮਲਾਵਰਾਂ ਨੂੰ 'ਪਾਸ' ਜਾਰੀ ਕੀਤਾ ਹੁੰਦਾ ਤਾਂ ਭਾਜਪਾ ਦੇ ਲੋਕਾਂ ਨੇ ਹੁਣ ਤਕ ਮੈਨੂੰ ਵੀ 'ਖਾਲਿਸਤਾਨੀ' ਬਣਾ ਦੇਣਾ ਸੀ। ਉਨ੍ਹਾਂ ਨੂੰ ਕਾਂਗਰਸ ਦਾ ਇਤਿਹਾਸ ਇਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਮਾੜੇ ਅਨਸਰ ਕਿਸੇ ਇਕ ਜਾਤ ਜਾਂ ਧਰਮ ਨਾਲ ਸਬੰਧਤ ਨਹੀਂ ਹੁੰਦੇ। ਉਨ੍ਹਾਂ ਨੂੰ ਦੇਸ਼ ਜਾਂ ਧਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ, ਇਸ ਲਈ ਅਜਿਹੇ ਮਾਮਲਿਆਂ ਨੂੰ ਧਰਮ ਆਦਿ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਹ ਦੇਸ਼ ਸਾਡਾ ਸਾਰਿਆਂ ਦਾ ਹੈ।
ਵਿਜ਼ਟਰ ਪਾਸਾਂ 'ਤੇ ਪਾਬੰਦੀ ਬਾਰੇ ਸੰਸਦ ਮੈਂਬਰ ਨੇ ਕਿਹਾ ਕਿ ਸੰਸਦ ਮੈਂਬਰਾਂ ਵਲੋਂ ਜਾਰੀ ਕੀਤੇ ਗਏ ਵਿਜ਼ਟਰ ਪਾਸ ਰੱਦ ਕਰ ਦਿਤੇ ਗਏ ਹਨ। ਸਿਰਫ਼ ਇਕ ਦਿਨ ਲਈ ਜਾਂਚ ਕਾਰਨ ਅਜਿਹਾ ਫੈਸਲਾ ਠੀਕ ਹੈ, ਪਰ ਇਸ ਨੂੰ ਹਮੇਸ਼ਾ ਲਈ ਰੱਦ ਕਰਨਾ ਠੀਕ ਨਹੀਂ ਹੈ। ਵਿਜ਼ਟਰ ਪਾਸ ਜਾਰੀ ਕਰਨ ਦੀ ਪ੍ਰਕਿਰਿਆ ਬਾਅਦ ਵਿਚ ਬਹਾਲ ਕੀਤੀ ਜਾਣੀ ਚਾਹੀਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੁਸ਼ਮਣ ਦੀ ਜਿੱਤ ਹੋਵੇਗੀ।
ਦੱਸ ਦੇਈਏ ਕਿ ਜਦੋਂ ਦੋ ਨੌਜਵਾਨਾਂ ਨੇ ਸਦਨ ਵਿਚ ਧੂੰਏਂ ਦਾ ਬੰਬ ਚਲਾਇਆ ਤਾਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਿੰਮਤ ਦਿਖਾਉਂਦੇ ਹੋਏ ਉਨ੍ਹਾਂ ਦੇ ਹਥੋਂ ਬੰਬ ਖੋਹਿਆ ਸੀ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਕੁੱਝ ਸਮੇਂ ਲਈ ਲੱਗਿਆ ਕਿ ਫਿਰ ਤੋਂ ਸੰਸਦ ਉਤੇ ਹਮਲਾ ਹੋ ਗਿਆ ਕਿਉਂਕਿ ਇਹ ਦਿਨ ਵੀ ਅਜਿਹਾ ਸੀ। ਔਜਲਾ ਨੇ ਦਸਿਆ ਕਿ ਧੂੰਏਂ ਦੇ ਬੰਬ ਕਾਰਨ ਉਨ੍ਹਾਂ ਦਾ ਹੱਥ ਵੀ ਸੜ ਗਿਆ।