
ਪੰਜਾਬ ਦੀ ਜੇਲ ਵਿਚ ਨਹੀਂ ਹੋਈ ਲਾਰੈਂਸ ਦੀ ਇੰਟਰਵਿਊ: ADGP
Lawrence Bishnoi Interview Row: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਫਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਿਰਾਸਤ 'ਚੋਂ ਇੰਟਰਵਿਊ ਦੇ ਮਾਮਲੇ 'ਚ ਬਣਾਈ ਦੋ ਮੈਂਬਰੀ ਸਿੱਟ ਨੇ ਪੰਜਾਬ ਸਰਕਾਰ ਨੂੰ ਜਾਂਚ ਰੀਪੋਰਟ ਸੌਂਪਦਿਆਂ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕਰ ਦਿਤੀ ਹੈ। ਇਹ ਜਾਣਕਾਰੀ ਹਾਈ ਕੋਰਟ ਵਲੋਂ ਲਏ ਗਏ ਨੋਟਿਸ ਦੇ ਮਾਮਲੇ ਵਿਚ ਵੀਰਵਾਰ ਨੂੰ ਏਡੀਜੀਪੀ ਜੇਲਾਂ ਅਰੁਣਪਾਲ ਸਿੰਘ ਨੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਦੀ ਬੈਂਚ ਨੂੰ ਦਿਤੀ।
ਉਨ੍ਹਾਂ ਨੇ ਸੀਲ ਬੰਦ ਰੀਪੋਰਟ ਬੈਂਚ ਸਾਹਮਣੇ ਪੇਸ਼ ਕੀਤੀ ਤੇ ਰੀਪੋਰਟ ਖੋਲ੍ਹਣ 'ਤੇ ਏਡੀਜੀਪੀ ਨੇ ਕਿਹਾ ਕਿ ਜਿਸ ਵੇਲੇ ਇੰਟਰਵਿਊ ਚੱਲੀ ਉਸ ਵੇਲੇ ਬਿਸ਼ਨੋਈ ਪੰਜਾਬ ਵਿਚ ਨਹੀਂ ਸੀ, ਉਹ ਦਿੱਲੀ ਜਾਂ ਰਾਜਸਥਾਨ ਹੋ ਸਕਦਾ ਹੈ ਤੇ ਜਾਂਚ ਦਾ ਦਾਇਰਾ ਪੰਜਾਬ ਤਕ ਹੀ ਸੀਮਤ ਹੈ ਪਰ ਹੁਣ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਵੀ ਦਸਿਆ ਕਿ ਇਹ ਇੰਟਰਵਿਊ ਸਬੰਧਤ ਪਲੇਟਫਾਰਮ ਤੋਂ ਹਟਵਾ ਦਿਤੀ ਗਈ ਹੈ।
ਅਦਾਲਤ ਨੂੰ ਦਸਿਆ ਗਿਆ ਕਿ ਅਜਿਹੇ ਵਿਚ ਕਿਸੇ ਅਫਸਰ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਏਡੀਜੀਪੀ ਨੇ ਕਿਹਾ ਕਿ ਜੇਲਾਂ ਦੀ ਸੁਰੱਖਿਆ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਮੋਬਾਈਲ ਫੋਨ ਜਾਂ ਹੋਰ ਕਿਸੇ ਸਹੂਲਤ ਦੀ ਦੁਰਵਰਤੋਂ ਨਾ ਹੋ ਸਕੇ। ਜੇਲਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਏਡੀਜੀਪੀ ਦੀ ਬੇਨਤੀ 'ਤੇ ਬੈਂਚ ਨੇ ਰੀਪੋਰਟ ਮੁੜ ਸੀਲ ਬੰਦ ਰੱਖਣ ਦਾ ਹੁਕਮ ਦਿਤਾ ਤੇ ਇਸ ਦੀ ਇਕ ਕਾਪੀ ਸਿਰਫ਼ ਐਮਾਇਕਸ ਕਿਉਰੀ ਨੂੰ ਦੇਣ ਲਈ ਕਿਹਾ।
ਐਮਾਇਕਸ ਕਿਉਰੀ ਨੇ ਵੱਖ-ਵੱਖ ਜੇਲਾਂ ਦੀ ਸਥਿਤੀ ਮੁਤਾਬਕ ਹੀ ਸੁਰੱਖਿਆ ਇੰਤਜਾਮ ਕਰਨ ਦੀ ਸਲਾਹ ਦਿਤੀ। ਉਨ੍ਹਾਂ ਨੇ ਕਈ ਉਪਾਅ ਪੇਸ਼ ਕੀਤੇ ਜਿਨ੍ਹਾਂ ਵਿਚ ਜੈਮਰ, ਸੀਸੀਟੀਵੀ ਕੈਮਰੇ, ਬਾਡੀ ਸਕੈਨਰ ਲਗਾਉਣਾ, ਮੋਬਾਈਲ ਫੋਨਾਂ ਨੂੰ ਸੁੱਟਣ ਤੋਂ ਰੋਕਣ ਲਈ ਚਾਰਦੀਵਾਰੀ 'ਤੇ ਜਾਲ ਲਗਾਉਣਾ ਅਤੇ ਜੇਲ ਸਟਾਫ ਨੂੰ ਵਧਾਉਣਾ ਸ਼ਾਮਲ ਹੈ । ਜੇਲ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉਹ ਜੇਲ ਦੇ ਕੈਦੀਆਂ ਨੂੰ ਅਪਣੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਾਲ ਕਰਨ ਦੇ ਯੋਗ ਬਣਾਉਣ ਲਈ ਲੈਂਡਲਾਈਨ ਨੂੰ ਵਧਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਹਾਈ ਕੋਰਟ ਨੇ ਜੇਲਾਂ ਦੀ ਸੁਰੱਖਿਆ ਲਈ ਨੀਤੀ ਬਣਾ ਕੇ ਅਗਲੀ ਸੁਣਵਾਈ 'ਤੇ 20 ਦਸੰਬਰ ਨੂੰ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਵਿਚ ਬੈਂਚ ਨੂੰ ਮਦਦ ਕਰਨ ਲਈ ਅਰਜ਼ੀ ਦਾਖਲ ਕਰਨ ਵਾਲੇ ਐਡਵੋਕੇਟ ਆਕਾਸ਼ ਮਨੋਚਾ ਦੇ ਵਕੀਲ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਇੰਟਰਵਿਊ ਪੰਜਾਬ ਵਿਚ ਨਾ ਹੋਣ ਦੀ ਗੱਲ ਕਹਿ ਰਹੀ ਹੈ ਪਰ ਇਹ ਵੀ ਸਪਸ਼ਟ ਨਹੀਂ ਕਰ ਸਕੀ ਹੈ ਕਿ ਆਖਰ ਇੰਟਰਵਿਊ ਕਿੱਥੇ ਤੇ ਕਿਵੇਂ ਹੋਈ। ਉਨ੍ਹਾਂ ਕਿਹਾ ਕਿ ਸਿੱਟ ਦਾ ਦਾਇਰਾ ਭਾਵੇਂ ਪੰਜਾਬ ਤਕ ਸੀਮਤ ਹੋ ਸਕਦਾ ਹੈ ਪਰ ਮਾਮਲਾ ਗਰਦ ਹੋਣ ਉਪਰੰਤ ਪੁਲਿਸ ਦੇਸ਼ ਭਰ ਵਿਚ ਕਿਤੇ ਵੀ ਜਾ ਕੇ ਤੱਥ ਇਕੱਠੇ ਕਰ ਸਕਦੀ ਹੈ ਤੇ ਅਜਿਹੇ ਵਿਚ ਪੁਲਿਸ ਨੂੰ ਆਖਰ ਇਸ ਮਾਮਲੇ ਵਿਚ ਸੱਚ ਸਾਹਮਣੇ ਲਿਆਉਣਾ ਹੀ ਪਵੇਗਾ।
(For more news apart from Punjab Police Submit report on Lawrence Bishnoi Interview Row, stay tuned to Rozana Spokesman)