
Khanuri Border News : ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਚਿੰਤਾਜਨਕ
Khanuri Border News in Punjabi : 26 ਨਵੰਬਰ ਤੋਂ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਵੀ ਖਨੌਰੀ ਬਾਰਡਰ ਵਿਖੇ ਜਾਰੀ ਹੈ। ਅੱਜ ਡਾਕਟਰਾਂ ਵੱਲੋ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਚਿੰਤਾਜਨਕ ਹੈ ਅਤੇ ਜਦੋਂ ਉਹ ਬਾਹਰ ਆਪਣੇ ਲੋਕਾਂ ਦੇ ਦਰਸ਼ਨ ਕਰਨ ਲਈ ਪੰਡਾਲ ’ਚ ਲਿਆਂਦੇ ਗਏ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ 78/48 ਤੱਕ ਪਹੁੰਚ ਗਿਆ ਸੀ, ਜੋ ਕਿ ਬਹੁਤ ਜ਼ਿਆਦਾ ਘੱਟ ਸੀ।
ਅੱਜ 9 ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਮੀਡੀਆ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਮੇਰੀ ਜਾਨ ਅੰਦੋਲਨ ਨਾਲੋਂ ਵੱਧ ਕੀਮਤੀ ਹੈ ਪਰ ਮੇਰਾ ਮੰਨਣਾ ਹੈ ਕਿ ਉਨ੍ਹਾਂ ਕਿਸਾਨਾਂ ਦੀਆਂ ਜਾਨਾਂ ਮੇਰੇ ਨਾਲੋਂ ਵੀ ਵੱਧ ਕੀਮਤੀਆਂ ਹਨ, ਜੋ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਪਿਛਲੇ 25 ਸਾਲਾਂ ’ਚ 5 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸਾਨ ਭਾਈਚਾਰੇ ਦੇ ਹੱਕ ਲੈਣ ਲਈ ਆਪਣੀ ਸ਼ਹਾਦਤ ਦੇਣ ਲਈ ਤਿਆਰ ਹਨ ਅਤੇ ਜੇਕਰ ਸੁਪਰੀਮ ਕੋਰਟ ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਸੱਚਮੁੱਚ ਹੀ ਗੰਭੀਰ ਹੈ ਤਾਂ ਮਾਣਯੋਗ ਸੁਪਰੀਮ ਕੋਰਟ ਨੂੰ ਇਸ ਲਈ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਮੋਰਚੇ ਉਪਰ ਹਮਲਾ ਕਰਦੀ ਹੈ ਅਤੇ ਕਿਸੇ ਦੇ ਖੂਨ ਦੀ ਇਕ ਬੂੰਦ ਵੀ ਵਹਾਈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਹੋਵੇਗੀ।
ਅੱਜ ਜਦੋਂ 101 ਕਿਸਾਨਾਂ ਦਾ ਜੱਥਾ ਸ਼ਾਂਤਮਈ ਢੰਗ ਨਾਲ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਜਾਣ ਲਈ ਨਿਕਲਿਆ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਪਰ ਬਹੁਤ ਜ਼ਬਰਦਸਤ ਹਿੰਸਾ ਕੀਤੀ ਗਈ, ਜਿਸ ’ਚ 15 ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ 16 ਦਸੰਬਰ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਕਿਸਾਨਾਂ ਵੱਲੋਂ ਵੱਡੇ-ਵੱਡੇ ਟਰੈਕਟਰ ਮਾਰਚ ਕੀਤੇ ਜਾਣਗੇ। ਤਾਮਿਲਨਾਡੂ ’ਚ 15 ਥਾਵਾਂ 'ਤੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ ਅਤੇ ਪੰਜਾਬ ’ਚ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ।
(For more news apart from death fast farmer leader Jagjit Singh Dallewal on Khanuri border continues today 19th day News in Punjabi, stay tuned to Rozana Spokesman)