ਕਿਸਾਨਾਂ ਦੀ ਬਦੌਲਤ ਹੀ ਅੱਜ ਦੇਸ਼ ਦੇ ਅਨਾਜ ਭੰਡਾਰ ਭਰੇ ਹਨ
ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਕਾਂਗਰਸ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ’ਚ ਕਿਸਾਨਾਂ ਦੇ ਸੰਘਰਸ਼ ਦਾ ਮੁੱਦਾ ਬੜੇ ਹੀ ਜ਼ੋਰਦਾਰ ਤਰੀਕੇ ਨਾਲ ਉਠਾਇਆ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਸੈਕੂਲਰ ਸਟੇਟ ਦਾ ਪਾਠ ਯਾਦ ਕਰਵਾਉਂਦੀਆਂ ਪੰਜਾਬ ਦਾ ਕੁਰਬਾਨੀਆਂ ਭਰਿਆ ਇਤਿਹਾਸ ਚੇਤੇ ਕਰਵਾਇਆ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿਤੀਆਂ ਹਨ। ਉਨ੍ਹਾਂ ਗੁਰੂ ਕਾਲ ਸਿੱਖ ਰਾਜ ਤੋਂ ਲੈ ਕੇ ਆਜ਼ਾਦੀ ਦੀ ਲਹਿਰ ਤਕ ਦਾ ਪੰਜਾਬੀਆਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਤੱਥਾ ਸਹਿਤ ਦੇਸ਼ ਦੀ ਸੰਸਦ ਵਿਚ ਰਖਦਿਆਂ ਹਾਕਮ ਧਿਰ ਨੂੰ ਲਾਹਨਤਾਂ ਪਾਈਆਂ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਅਤੇ ਇੰਦਰਾ ਗਾਂਧੀ ਵਲੋਂ ਦੇਸ਼ ਅਤੇ ਪੰਜਾਬ, ਪੰਜਾਬੀਅਤ ਲਈ ਕੀਤੇ ਗਏ ਯੋਗਦਾਨ ਦਾ ਜ਼ਿਕਰ ਵੀ ਕੀਤਾ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਭਾਜਪਾ ਦੇਸ਼ ਧ੍ਰੋਹੀ ਆਖ ਰਹੀ ਹੈ, ਉਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਵਿਚ ਆਉਣ ਤੋਂ ਰੋਕਿਆ ਜਾ ਰਿਹਾ ਹੈ ਤੇ ਭਾਰੀ ਅਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਦੀ ਬਦੌਲਤ ਹੀ ਅੱਜ ਦੇਸ਼ ਦੇ ਅਨਾਜ ਭੰਡਾਰ ਭਰੇ ਹਨ। ਰੰਧਾਵਾ ਨੇ ਅੰਤ ਵਿਚ ਗੁਰਬਾਣੀ ਦੀ ਤੁਕ ਪੜ੍ਹਦਿਆਂ ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’’ ਕਹਿੰਦਿਆਂ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਸਾਨਾਂ ਦੀਆਂ ਮੰਗਾਂ ਤਰੁਤ ਹੱਲ ਕਰਨ ਲਈ ਕਿਹਾ।