ਰੁਪਿੰਦਰ ਨੇ ਮੇਰੇ ਜਵਾਈ ਗੁਰਵਿੰਦਰ ਸਿੰਘ ਦਾ ਨਹੀਂ, ਬਲਕਿ ਮੇਰੇ ਪੁੱਤਰ ਦਾ ਕਤਲ ਕੀਤਾ ਹੈ
ਕੋਟਕਪੂਰਾ (ਗੁਰਿੰਦਰ ਸਿੰਘ) : ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਵਿਖੇ ਪਤੀ ਦਾ ਕਤਲ ਕਰਨ ਦੇ ਦੋਸ਼ ਹੇਠ ਜੇਲ ਕੱਟ ਰਹੀ ਰੁਪਿੰਦਰ ਕੌਰ ਦੇ ਪਿਤਾ ਜਸਵਿੰਦਰ ਸਿੰਘ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆਉਂਦਿਆਂ ਕਿਹਾ ਕਿ ਉਸਦੀ ਬੇਟੀ ਕਾਤਲ ਹੈ, ਉਸਨੂੰ ਵੀ ਗੁਰਵਿੰਦਰ ਦੀ ਤਰ੍ਹਾਂ ਠੀਕ ਉਸੇ ਜਗਾ ’ਤੇ ਮਾਰ ਕੇ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਪਤਨੀ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ। ਇਸ ਸਬੰਧੀ ਭਾਵੇਂ ਕਾਨੂੰਨ ਵਿਚ ਵੀ ਤਬਦੀਲੀ ਕਿਉਂ ਨਾ ਕਰਨੀ ਪਵੇ।
ਅੱਖਾਂ ’ਚੋਂ ਅੱਥਰੂ ਪੂੰਝਦਿਆਂ ਜਸਵਿੰਦਰ ਸਿੰਘ ਨੇ ਕਿਹਾ ਕਿ ਹੁਣ ਤਾਂ ਰੁਪਿੰਦਰ ਕੌਰ ਨੂੰ ਧੀ ਕਹਿਣ ਦਾ ਵੀ ਦਿਲ ਨਹੀਂ ਕਰਦਾ। ਉਸ ਨੇ ਮੇਰੇ ਜਵਾਈ ਗੁਰਵਿੰਦਰ ਸਿੰਘ ਦੀ ਨਹੀਂ, ਬਲਕਿ ਮੇਰੇ ਪੁੱਤਰ ਦਾ ਕਤਲ ਕੀਤਾ ਹੈ, ਇਸ ਲਈ ਸਾਡੇ ਪਰਵਾਰ ਨੇ ਉਸ ਨਾਲੋਂ ਹਰ ਤਰ੍ਹਾਂ ਦਾ ਨਾਤਾ ਤੋੜ ਲਿਆ ਹੈ।
ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਕਤਲ ਵਾਲੀ ਰਾਤ ਰੁਪਿੰਦਰ ਨੇ ਫੋਨ ਕਰ ਕੇ ਬੁਲਾਇਆ, ਰੁਪਿੰਦਰ ਨੇ ਕਿਹਾ ਕਿ ਸਾਡੇ ਘਰ ਲੁਟੇਰੇ ਦਾਖ਼ਲ ਹੋ ਗਏ ਹਨ, ਉਸ ਦਾ ਪਤੀ ਗੁਰਵਿੰਦਰ ਛੱਤ ’ਤੇ ਡਿੱਗਿਆ ਪਿਆ ਹੈ ਤੇ ਕੁਝ ਬੋਲ ਨਹੀਂ ਰਿਹਾ, ਜਦੋਂ ਉਹ ਘਰ ਪੁੱਜੇ ਤਾਂ ਬੇਟੀ ਨੇ ਦਸਿਆ ਕਿ ਲੁਟੇਰਿਆਂ ਨੇ ਉਸ ਨੂੰ ਕਮਰੇ ਵਿਚ ਬੰਦ ਕਰ ਦਿਤਾ ਅਤੇ ਬਾਹਰੋਂ ਦਰਵਾਜ਼ਾ ਫੜ ਕੇ ਖੜੇ ਰਹੇ, ਜਦੋਂ ਉਹ ਰੋਲਾ ਸੁਣ ਕੇ ਫ਼ਰਾਰ ਹੋਏ ਤਾਂ ਉਹ ਉਪਰ ਛੱਤ ’ਤੇ ਪਹੁੰਚ ਗਈ। ਜਸਵਿੰਦਰ ਸਿੰਘ ਮੁਤਾਬਕ ਜਦ ਉਹ ਅਗਲੇ ਦਿਨ ਸਵੇਰੇ ਥਾਣੇ ਗਏ ਤਾਂ ਪੁਲਿਸ ਨੇ ਸਬੂਤਾਂ ਸਮੇਤ ਪੂਰੀ ਕਹਾਣੀ ਸੁਣਾਈ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਅਪਣੀ ਧੀ ਨਾਲ ਨਫ਼ਰਤ ਹੋਣ ਲੱਗੀ।
