
ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਲੋਂ ਪ੍ਰਕਾਸ਼ ਸਿੰਘ ਬਾਦਲ........
ਕੋਟਕਪੂਰਾ : ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਸਮੇਤ ਚੋਟੀ ਦੇ ਸਿਆਸਤਦਾਨਾਂ ਅਤੇ ਉੱਚ ਅਫ਼ਸਰਾਂ ਨੂੰ ਵੀ ਤਲਬ ਕੀਤਾ ਜਾ ਚੁਕਾ ਹੈ ਅਤੇ ਐਸਆਈਟੀ ਦੀ ਜਾਂਚ ਦਾ ਕੰਮ 90 ਫ਼ੀ ਸਦੀ ਮੁਕੰਮਲ ਹੋਣ ਅਤੇ 200 ਗਵਾਹਾਂ ਦੇ ਬਿਆਨ ਦਰਜ ਕਰ ਲੈਣ ਦਾ ਪ੍ਰਗਟਾਵਾ ਕਰਦਿਆਂ ਅੱਜ ਪੈ੍ਰਸ ਕਾਨਫ਼ਰੰਸ ਦੌਰਾਨ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਅਹਿਮ ਪ੍ਰਗਟਾਵਾ ਕੀਤਾ
ਕਿ ਹੁਣ ਉਕਤ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਦੋਸ਼ੀ ਸਮਝੇ ਜਾਣ ਵਾਲੇ ਵਿਅਕਤੀਆਂ ਦਾ ਨਾਰਕੋ ਟੈਸਟ ਵੀ ਕਰਵਾਇਆ ਜਾ ਸਕਦਾ ਹੈ ਕਿਉਂਕਿ ਐਸਆਈਟੀ ਇਸ ਮਾਮਲੇ ’ਚ ਕਿਸੇ ਨਾਲ ਕੋਈ ਲਿਹਾਜ ਨਹੀਂ ਕਰੇਗੀ, ਭਾਵੇਂ ਦੋਸ਼ੀ ਸਮਝਿਆ ਜਾਣ ਵਾਲਾ ਵਿਅਕਤੀ ਜਿੰਨੇ ਮਰਜ਼ੀ ਉੱਚ ਅਹੁਦੇ ’ਤੇ ਬਿਰਾਜਮਾਨ ਹੋਵੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੁੰਵਰਵਿਜੈ ਪ੍ਰਤਾਪ ਨੇ ਦਸਿਆ ਕਿ ਕੋਟਕਪੂਰਾ ਅਤੇ ਬਹਿਬਲ ਵਿਖੇ ਹੋਏ ਗੋਲੀਕਾਂਡ ਦੀ ਜਾਂਚ ਅੰਤਲੇ ਪੜਾਅ ’ਤੇ ਹੈ, ਹੁਣ ਪੁਲਿਸ ਵਲੋਂ ਕੁੱਝ ਚੋਣਵੇਂ ਮੁਲਜ਼ਮਾਂ ਦੇ ਨਾਰਕੋ ਅਤੇ ਪਾਲੀਗ੍ਰਾਫ਼ ਟੈਸਟ ਕਰਵਾਉਣ ਸਬੰਧੀ ਵਿਚਾਰ ਚਲ ਰਹੀ ਹੈ।
ਆਈ.ਜੀ. ਨੇ ਦਸਿਆ ਕਿ ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਗੋਲੀਕਾਂਡ ਅਤੇ ਕੋਟਕਪੂਰੇ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਹੁਣ ਤਕ 200 ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਹਨ। ਉਨ੍ਹਾਂ ਦਸਿਆ ਕਿ ਕੁੱਝ ਮੁਲਜ਼ਮਾਂ ਜਾਂ ਗਵਾਹਾਂ ਨੇ ਹਾਈ ਕੋਰਟ ’ਚ ਅਪੀਲ ਦਾਇਰ ਕਰ ਕੇ ਸਟੇਅ ਲਿਆ ਹੋਇਆ ਹੈ ਜਿਸ ਦਾ ਫ਼ੈਸਲਾ ਜਲਦ ਆਉਣ ਦੀ ਉਮੀਦ ਹੈ। ਉਸ ਤੋਂ ਬਾਅਦ ਉਕਤਾਨ ਤੋਂ ਪੁਛਗਿਛ ਕੀਤੀ ਜਾਵੇਗੀ। ਉਕਤ ਵਿਅਕਤੀਆਂ ’ਚ ਮੋਗਾ ਦਾ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।
ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦਸਿਆ ਕਿ ਬਾਜਾਖ਼ਾਨਾ ਥਾਣੇ ’ਚ ਮਾਰੇ ਗਏ ਨੌਜਵਾਨਾਂ ਦੇ ਸਰੀਰ ’ਚੋਂ ਮਿਲੀਆਂ ਗੋਲੀਆਂ ਦੇ ਨਿਸ਼ਾਨ ਟੈਂਪਰਿੰਗ ਕਰਨ ਦੀ ਵੀ ਉਹ ਜਾਂਚ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਐਸਆਈਟੀ ਦੀ ਪੂਰੀ ਕੋਸ਼ਿਸ਼ ਹੈ ਕਿ ਕੋਈ ਵੀ ਦੋਸ਼ੀ ਕਾਨੂੰਨ ਦੀ ਪਕੜ ਤੋਂ ਦੂਰ ਨਾ ਰਹੇ ਅਤੇ ਕੋਈ ਵੀ ਨਿਰਦੋਸ਼ ਇਸ ਜਾਂਚ ਕਰ ਕੇ ਪ੍ਰੇਸ਼ਾਨ ਨਾ ਹੋਵੇ।