
40 ਮੁਕਤਿਆਂ ਦੀ ਮਹਾਨ ਸ਼ਹਾਦਤ ਤੋਂ ਸਾਨੂੰ ਹਰ ਤਰ੍ਹਾਂ ਦੇ ਜਬਰ ਜ਼ੁਲਮ ਅਤੇ ਬੇ-ਇਨਸਾਫ਼ੀਆਂ ਵਿਰੁਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਅਤੇ ਅਪਣੀ ਅਜ਼ਾਦੀ ਦੇ ਮਿਸ਼ਨ.........
ਸ੍ਰੀ ਮੁਕਤਸਰ ਸਾਹਿਬ : 40 ਮੁਕਤਿਆਂ ਦੀ ਮਹਾਨ ਸ਼ਹਾਦਤ ਤੋਂ ਸਾਨੂੰ ਹਰ ਤਰ੍ਹਾਂ ਦੇ ਜਬਰ ਜ਼ੁਲਮ ਅਤੇ ਬੇ-ਇਨਸਾਫ਼ੀਆਂ ਵਿਰੁਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਅਤੇ ਅਪਣੀ ਅਜ਼ਾਦੀ ਦੇ ਮਿਸ਼ਨ ਦਾ ਸੰਦੇਸ਼ ਮਿਲਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦੀ ਮਾਘੀ ਜੋੜ ਮੇਲੇ ਮੌਕੇ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਅਦਾਲਤ ਵਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਹੋਰ ਦੋਸ਼ੀਆਂ ਨੂੰ ਦਿਤੀ ਗਈ ਸਖ਼ਤ ਸਜ਼ਾ ਉਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਮਾਨ ਨੇ ਮੰਗ ਕੀਤੀ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਅਜਿਹੀਆਂ ਸਜ਼ਾਵਾਂ ਦਿਤੀਆਂ ਜਾਣ।
ਕਸ਼ਮੀਰ ਵਿਚ ਸਿੱਖ ਨੌਜਵਾਨ ਦੀ ਕੀਤੀ ਗਈ ਹਤਿਆ ਦੀ ਨਿੰਦਾ ਕਰਦਿਆਂ ਮਾਨ ਨੇ ਕਿਹਾ ਕਿ ਘੱਟਗਿਣਤੀਆਂ ਨਾਲ ਦੇਸ਼ ਵਿਚ ਧੱਕੇਸ਼ਾਹੀ ਹੋ ਰਹੀ ਹੈ ਅਤੇ ਸਰਕਾਰਾਂ ਚੁੱਪ ਰਹਿ ਕੇ ਤਮਾਸ਼ਬੀਨ ਬਣੀਆਂ ਬੈਠੀਆਂ ਹਨ। 1984 ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਤੋਸ਼ਾਖਾਨਾ ਵਿਚੋਂ ਫੌਜ ਵਲੋਂ ਲੁੱਟੇ ਗਏ ਬੇਸ਼ਕੀਮਤੀ ਸਮਾਨ ਨੂੰ ਵਾਪਸ ਕਰਨ ਦੀ ਵੀ ਮਾਨ ਨੇ ਮੰਗ ਰੱਖੀ। ਉਨ੍ਹਾਂ ਮੋਦੀ ਸਰਕਾਰ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮਿਆਦ ਲੰਘ ਜਾਣ ਦੇ ਬਾਵਜੂਦ ਬਾਦਲ ਦਲੀਆਂ ਨੂੰ ਲਾਭ ਪਹੁੰਚਾਉਣ ਖ਼ਾਤਰ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ।
ਉਨ੍ਹਾਂ ਕਿਹਾ ਕਿ ਗਊ ਟੈਕਸ ਲਾਉਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਨੂੰ ਸਰਕਾਰਾਂ ਸੰਭਾਲਣ ਦੀ ਬਜਾਏ ਕਿਸਾਨ ਅਤੇ ਆਮ ਰਾਹਗੀਰਾਂ ਦੇ ਨੁਕਸਾਨ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ। ਮਾਨ ਨੇ ਕਿਹਾ ਕਿ ਗੁਜਰਾਤ ਵਿਚ 2013 ਦੌਰਾਨ ਜਬਰੀ ਉਜਾੜੇ ਗਏ 60 ਹਜ਼ਾਰ ਸਿੱਖਾਂ ਦਾ ਮੋਦੀ ਸਰਕਾਰ ਮੁੜਵਸੇਬਾ ਲਾਜ਼ਮੀ ਬਣਾਵੇ।
ਮਾਨ ਨੇ ਕਿਹਾ ਕਿ ਲੋਕ ਸਭਾ ਦੀਆਂ ਬਠਿੰਡਾ ਤੇ ਸੰਗਰੂਰ ਸੀਟਾਂ ਉਤੇ ਚੋਣ ਲੜਨ ਤੇ ਬਾਕੀ ਸੀਟਾਂ ਉਤੇ ਜੇਕਰ ਕੋਈ ਪਾਰਟੀ ਚੋਣ ਸਮਝੌਤਾ ਕਰਨਾ ਚਾਹੇਗੀ ਤਾਂ ਵਿਚਾਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ ਬਰੀਵਾਲਾ ਜ਼ਿਲ੍ਹਾ ਪ੍ਰਧਾਨ, ਬਲਦੇਵ ਸਿੰਘ ਵੜਿੰਗ, ਸਵਰਨ ਸਿੰਘ, ਹਰਮੰਦਰ ਸਿੰਘ ਮੱਲਕਟੋਰਾ, ਬਲਜਿੰਦਰ ਸਿੰਘ ਬਰੀਵਾਲਾ, ਗੁਰਬਖਸ਼ ਸਿੰਘ ਰੂਬੀ ਬਰਾੜ, ਪ੍ਰੋ. ਸੁਖਰਾਜ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੋਂ ਇਲਾਵਾ ਹੋਰ ਵੀ ਕਈ ਆਗੂ ਹਾਜ਼ਰ ਸਨ।