
ਮਹੀਨਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪ੍ਰਵਾਰ ਦੇ ਕੰਟਰੋਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ.........
ਚੰਡੀਗੜ੍ਹ : ਮਹੀਨਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪ੍ਰਵਾਰ ਦੇ ਕੰਟਰੋਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸ. ਸੇਵਾ ਸਿੰਘ ਸੇਖਵਾਂ ਨੇ ਸਪਸ਼ਟ ਐਲਾਨ ਕੀਤਾ ਕਿ ਉਹ ਖ਼ੁਦ ਲੋਕ ਸਭਾ ਚੋਣਾਂ ਨਹੀਂ ਲੜਨਗੇ ਪਰ ਅਕਾਲੀ ਦਲ-ਟਕਸਾਲੀ ਨਾਮ ਦੀ ਪਾਰਟੀ ਨੂੰ ਰਜਿਸਟਰ ਕਰਵਾ ਕੇ ਹਮਖ਼ਿਆਲੀ ਦਲਾਂ ਦੇ ਲੀਡਰਾਂ ਨੂੰ ਮੈਦਾਨ 'ਚ ਉਤਾਰਨਗੇ। ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਇਹ ਵੀ ਸਪਸ਼ਟ ਕਰ ਦਿਤਾ ਕਿ ਉਹ ਬਤੌਰ ਐਮ.ਪੀ. ਅਪਣੀ ਸੀਟ ਤੋਂ ਅਸਤੀਫ਼ਾ ਨਹੀਂ ਦੇਣਗੇ।
ਜ਼ਿਕਰਯੋਗ ਹੈ ਕਿ ਡਾ. ਰਤਨ ਸਿੰਘ ਅਜਨਾਲਾ 2014 ਲੋਕ ਸਭਾ ਚੋਣਾਂ ਵਿਚ ਹਾਰ ਗਏ ਸਨ ਅਤੇ ਮਗਰੋਂ 2017 ਅਸੈਂਬਲੀ ਚੋਣ ਵੀ ਹਾਰ ਗਏ ਸਨ। ਇਸੇ ਤਰ੍ਹਾਂ ਸਾਬਕਾ ਮੰਤਰੀ ਤੇ 4 ਵਾਰ ਅਕਾਲੀ ਵਿਧਾਇਕ ਰਹੇ ਸੇਵਾ ਸਿੰਘ ਸੇਖਵਾਂ ਵੀ 2017 ਪੰਜਾਬ ਵਿਧਾਨ ਸਭਾ ਚੋਣਾਂ ਹਾਰੇ ਹੋਏ ਹਨ। ਅੱਜ ਇਥੇ ਸੈਕਟਰ-22 ਦੇ ਹੋਟਲ ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਇਨ੍ਹਾਂ ਬਜ਼ੁਰਗ ਅਕਾਲੀ ਨੇਤਾਵਾਂ ਨੇ ਰੱਜ ਕੇ ਬਾਦਲ ਪ੍ਰਵਾਰ ਤੇ ਵਿਸ਼ੇਸ਼ ਕਰ ਕੇ ਸੁਖਬੀਰ ਬਾਦਲ, ਮਜੀਠੀਆ ਤੇ ਹੋਰਨਾਂ ਦੀ ਕਾਰਗੁਜ਼ਾਰੀ ਨੂੰ ਭੰਡਿਆ ਅਤੇ ਕਿਹਾ ਕਿ ਉਨ੍ਹਾਂ ਦਾ ਨਵਾਂ ਟਕਸਾਲੀ ਅਕਾਲੀ ਦਲ ਪੁਰਾਣੀਆਂ ਰਵਾਇਤਾਂ,
ਪ੍ਰੰਪਰਾਵਾਂ, ਮੋਰਚੇ ਲਾਉਣ ਤੇ ਜੇਲਾਂ ਭਰਨ ਸਮੇਤ ਸੰਘਰਸ਼ ਦੀ ਨੀਤੀ 'ਤੇ ਚੱਲੇਗਾ। ਪਿਛਲੇ ਦਿਨੀਂ ਅਕਾਲ ਤਖ਼ਤ 'ਤੇ ਜਾ ਕੇ ਇਹ ਅਕਾਲੀ ਦਲ-ਟਕਸਾਲੀ ਬਣਾਏ ਜਾਣ 'ਤੇ ਇਸ ਦੇ ਟੀਚੇ ਬਾਰੇ ਸ. ਸੇਖਵਾਂ ਨੇ ਕਿਹਾ ਕਿ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਯਾਨੀ ਅਨੰਦਪੁਰ ਸਾਹਿਬ ਦੇ 1973 ਤੇ 1978 ਵਾਲੇ ਮਤੇ 'ਤੇ ਡੱਟ ਕੇ ਪਹਿਰਾ ਦਿਤਾ ਜਾਵੇਗਾ। ਸ. ਸੇਖਵਾਂ ਤੇ ਸ. ਬ੍ਰਹਮਪੁਰਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬ ਦੇ ਲੋਕ ਬਾਦਲ ਅਕਾਲੀ ਦਲ ਤੇ ਕਾਂਗਰਸ ਸਰਕਾਰ ਦੋਹਾਂ ਤੋਂ ਦੁਖੀ ਹਨ।
ਆਉਂਦੇ ਦਿਨਾਂ ਵਿਚ ਟਕਸਾਲੀ ਅਕਾਲੀ ਦਲ ਦੇ ਨੇਤਾ, ਹਮ ਖ਼ਿਆਲੀ ਪਾਰਟੀਆਂ, ਜਥੇਬੰਦੀਆਂ, ਵੱਖੋ ਵੱਖ ਸੂਝਵਾਨ ਨੇਤਾਵਾਂ ਨਾਲ ਵਿਚਾਰ ਕਰ ਕੇ ਇਕ ਸਾਂਝਾ ਫ਼ਰੰਟ, ਸਾਂਝਾ ਗਠਜੋੜ ਜਾਂ ਚੋਣ ਸਮਝੌਤਾ ਕਰ ਕੇ ਆਉਂਦੀਆਂ ਲੋਕ ਸਭਾ ਚੋਣਾਂ ਲੜਨ ਵਾਸਤੇ ਮਾਹੌਲ ਬਣਾਉਣਗੇ।ਸ. ਅਜਨਾਲਾ, ਸ. ਸੇਖਵਾਂ ਤੇ ਸ. ਬ੍ਰਹਮਪੁਰਾ ਨੇ ਇਹ ਵੀ ਦਸਿਆ ਕਿ 'ਆਪ' ਦੇ ਐਮ.ਪੀ. ਭਗਵੰਤ ਮਾਨ ਅਤੇ 'ਆਪ' ਨੂੰ ਛੱਡ ਕੇ ਵਖਰੀ ਬਣਾਈ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ਉਨ੍ਹਾਂ ਨੂੰ ਮਿਲ ਚੁਕੇ ਹਨ
ਅਤੇ ਛੇਤੀ ਹੀ ਆਉਂਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਤਿਆਰੀ ਕੀਤੀ ਜਾਵੇਗੀ। ਸ. ਸੇਖਵਾਂ ਨੇ ਕਿਹਾ ਕਿ ਸ. ਹਰਵਿੰਦਰ ਸਿੰਘ ਫੂਲਕਾ ਦੇ ਇਸ ਵਿਚਾਰ 'ਸ਼੍ਰੋਮਣੀ ਕਮੇਟੀ 'ਚ ਸਿਆਸਤ ਨਾ ਹੋਵੇ' ਨਾਲ ਸਹਿਮਤ ਹਨ ਅਤੇ ਭਵਿੱਖ ਵਿਚ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਧਾਰਮਕ ਸੰਸਥਾ ਨੂੰ ਸਿਆਸਤ ਤੋਂ ਦੂਰ ਰਖਿਆ ਜਾਵੇ।