
ਨਸ਼ੀਲੇ ਪਦਾਰਥਾਂ ਸਬੰਧੀ ਜਾਂਚ: ਐਨਸੀਬੀ ਨੇ ਮਹਾਰਾਸ਼ਟਰ ਦੇ ਮੰਤਰੀ ਦੇ ਜਵਾਈ ਘਰ ਮਾਰਿਆ ਛਾਪਾ
ਮੁੰਬਈ, 14 ਜਨਵਰੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੇ ਜਵਾਈ ਸਮੀਰ ਖ਼ਾਨ ਦੇ ਘਰ ਛਾਪਾ ਮਾਰਿਆ।
ਖ਼ਾਨ ਨੂੰ ਐਨਸੀਬੀ ਨੇ ਬੁਧਵਾਰ ਨੂੰ ਨਸ਼ੀਲੇ ਪਦਾਰਥਾਂ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਬ੍ਰਿਟਿਸ਼ ਨਾਗਰਿਕ ਕਰਨ ਸਜਨਾਨੀ ਅਤੇ ਦੋ ਹੋਰਨਾਂ ਨੂੰ ਪਿਛਲੇ ਹਫ਼ਤੇ 200 ਕਿਲੋਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀ ਨੇ ਦਸਿਆ ਕਿ ਵੀਰਵਾਰ ਨੂੰ ਇਕ ਐਨਸੀਬੀ ਟੀਮ ਨੇ ਉਪਨਗਰੀ ਬਾਂਦਰਾ ਸਥਿਤ ਖ਼ਾਨਨ ਦੇ ਘਰ ’ਤੇ ਛਾਪਾ ਮਾਰਿਆ ਜਿੱਥੋਂ ਕੁਝ ਵੀ ਜ਼ਬਤ ਨਹੀਂ ਕੀਤਾ ਗਿਆ।
ਅਧਿਕਾਰੀ ਨੇ ਦਸਿਆ ਕਿ ਇਸ ਤੋਂ ਬਾਅਦ ਐਨਸੀਬੀ ਦੀ ਟੀਮ ਨੇ ਜੁਹੂ ਖੇਤਰ ਵਿਚ ਵੀ ਛਾਪਾ ਮਾਰਿਆ ਅਤੇ ਛਾਪੇਮਾਰੀ ਮੁਹਿੰਮ ਜਾਰੀ ਹੈ। ਸਮੀਰ ਖ਼ਾਨ ਨੂੰ ਕਈ ਘੰਟਿਆਂ ਦੀ ਪੁੱਛਗਿਛ ਤੋਂ ਬਾਅਦ ਐਨਸੀਬੀ ਨੇ ਗ੍ਰਿਫ਼ਤਾਰ ਕੀਤਾ ਸੀ।
ਸੂਤਰਾਂ ਨੇ ਦਸਿਆ ਕਿ ਏਜੰਸੀ ਨੇ ਉਨ੍ਹਾਂ ਨੂੰ ਨਸ਼ਿਆਂ ਦੇ ਕੇਸ ਦੇ ਦੋਸ਼ੀ ਅਤੇ ਉਨ੍ਹਾਂ ਵਿਚਕਾਰ 20,000 ਰੁਪਏ ਦਾ ਕਥਿਤ ਤੌਰ ’ਤੇ ਆਨਲਾਈਨ ਲੈਣ-ਦੇਣ ਦਾ ਖੁਲਾਸਾ ਹੋਣ ਤੋਂ ਬਾਅਦ ਤਲਬ ਕੀਤਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਏਜੰਸੀ ਨੇ ਮੰਗਲਵਾਰ ਨੂੰ ਮੁੰਬਈ ਦੀ ਮਸ਼ਹੂਰ ਮੁੱਛਡ ਪਾਨਵਾਲਾ ਦੁਕਾਨ ਦੇ ਮਾਲਕ ਰਾਮਕੁਮਾਰ ਤਿਵਾੜੀ ਨੂੰ ਗ੍ਰਿਫ਼ਤਾਰ ਕੀਤਾ ਸੀ। (ਏਜੰਸੀ)