
Abohar News: ਹੈਰੋਇਨ ਤੇ 25 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਹੋਈ ਬਰਾਮਦ
ਅਬੋਹਰ 'ਚ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਸੀ.ਆਈ.ਏ ਸਟਾਫ਼ ਨੇ ਸੀਤੋ ਗੁੰਨੋ ਮੇਨ ਚੌਕ ਵਿਖੇ ਨਾਕਾਬੰਦੀ ਦੌਰਾਨ ਸੱਸ ਅਤੇ ਜਵਾਈ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 52 ਗ੍ਰਾਮ ਹੈਰੋਇਨ ਅਤੇ 25 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਏਐਸਆਈ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਰਾਤ ਕਰੀਬ 10 ਵਜੇ ਇੱਕ ਸ਼ੱਕੀ ਬਜਾਜ ਸੀਟੀ ਬਾਈਕ ਨੂੰ ਰੋਕਿਆ। ਬਾਈਕ ਸਵਾਰ ਔਰਤ ਦੇ ਪਰਸ ਦੀ ਤਲਾਸ਼ੀ ਦੌਰਾਨ ਹੈਰੋਇਨ ਅਤੇ 500 ਰੁਪਏ ਦੇ 50 ਨੋਟ ਬਰਾਮਦ ਹੋਏ।
ਫੜੇ ਗਏ ਮੁਲਜ਼ਮਾਂ ਵਿੱਚ ਅੰਕਿਤ ਕੁਮਾਰ ਵਾਸੀ ਬਿਸ਼ਰਾਪੁਰਾ, ਉਸ ਦੀ ਸੱਸ ਸੁਖਵਿੰਦਰ ਕੌਰ ਉਰਫ਼ ਗੁਰਪ੍ਰੀਤ ਕੌਰ ਅਤੇ ਗੁਰਵੰਤ ਸਿੰਘ ਵਾਸੀ ਪਿੰਡ ਮੀਰਪੁਰ ਜ਼ਿਲ੍ਹਾ ਤਰਨਤਾਰਨ ਸ਼ਾਮਲ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਕਿਤ ਅਤੇ ਉਸ ਦੀ ਸੱਸ ਸੁਖਵਿੰਦਰ ਕੌਰ ਮਿਲ ਕੇ ਨਸ਼ਾ ਤਸਕਰੀ ਦਾ ਧੰਦਾ ਕਰਦੇ ਸਨ। ਅੰਕਿਤ ਖਿਲਾਫ਼ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਹਨ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21, 27ਬੀ, 29, 61, 85 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।