Punjab Hunger Strikes: ਸੰਘਰਸ਼ਾਂ ਦੀ ਧਰਤੀ ‘ਪੰਜਾਬ’ 'ਚ ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ, ਪੜ੍ਹੋ ਪੂਰੀ ਖ਼ਬਰ
Published : Jan 15, 2025, 10:09 am IST
Updated : Jan 15, 2025, 10:10 am IST
SHARE ARTICLE
Famous hunger strikes in the last 100 years in Punjab
Famous hunger strikes in the last 100 years in Punjab

ਅੱਜ ਅਸੀਂ ਤੁਹਾਡੇ ਨਾਲ ਇਤਿਹਾਸ ’ਚ ਦਰਜ ਮਰਨ ਵਰਤ ਦੀਆਂ ਕੁਝ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਵਾਂਗੇ।

 

Punjab Hunger Strikes: ਪੰਜਾਬ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 50 ਦਿਨਾਂ ਤੋਂ ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਮਰਨ ਵਰਤ ਉੱਤੇ ਬੈਠੇ ਹਨ।

 ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਰੀਰ ਸੁੰਗੜਨ ਲਗ ਗਿਆ ਹੈ ਜੇਕਰ ਉਹ ਪਾਣੀ ਦਾ ਘੁੱਟ ਵੀ ਭਰਦੇ ਹਨ ਤਾਂ ਵੀ ਉਨ੍ਹਾਂ ਨੂੰ ਉਲਟੀਆਂ ਆਉਂਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਲਗਾਤਾਰ ਘੱਟ ਰਿਹਾ ਹੈ ਅਤੇ ਉਨ੍ਹਾਂ ਦੇ ਅੰਗ ਕਿਸੇ ਵੇਲੇ ਵੀ ਜਵਾਬ ਦੇ ਸਕਦੇ ਹਨ। ਭੁੱਖ ਹੜਤਾਲ ਕਾਰਨ ਉਨ੍ਹਾਂ ਦੇ ਖੂਨ ਦਾ ਦਬਾਓ ਵੀ ਘੱਟ ਰਿਹਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਵੀ ਖ਼ਤਰਾ ਬਣਿਆ ਹੋਇਆ ਹੈ। 

ਮਾਣਯੋਗ ਸੁਪਰੀਮ ਕੋਰਟ ਨੇ ਵੀ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ।

ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸੇ ਨੇ ਭੁੱਖ ਹੜਤਾਲ ਕੀਤੀ ਹੋਵੇ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੇ ਵੀ ਆਪਣੇ ਹੱਕਾਂ ਲਈ ਜੇਲ ਅੰਦਰ ਭੁੱਖ ਹੜਤਾਲ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤਕ ਭੁੱਖ ਹੜਤਾਲ ਜਾਂ ਮਰਨ ਵਰਤ ਵਰਗੀਆਂ ਅਨੇਕਾਂ ਘਟਨਾਵਾਂ ਹੋਈਆਂ, ਪਰ ਮਰਨ ਵਰਤ 'ਤੇ ਬੈਠਿਆਂ ਨੂੰ ਘੱਟ ਹੀ ਸਫ਼ਲਤਾ ਮਿਲੀ ਹੈ।

ਅੱਜ ਅਸੀਂ ਤੁਹਾਡੇ ਨਾਲ ਇਤਿਹਾਸ ’ਚ ਦਰਜ ਮਰਨ ਵਰਤ ਦੀਆਂ ਕੁਝ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦੇਵਾਂਗੇ।

1.  ਸ਼ਹੀਦ-ਏ-ਆਜ਼ਮ ਭਗਤ ਸਿੰਘ

ਸਰਦਾਰ ਭਗਤ ਸਿੰਘ ਵੱਲੋਂ ਸਾਲ 1929 ਵਿੱਚ ਲਹੌਰ ਦੀ ਮੀਆਂਵਲੀ ਜੇਲ ਅੰਦਰ ਭੁੱਖ ਹੜਤਾਲ ਕੀਤੀ।  ਇਹ ਭੁੱਖ ਹੜਤਾਲ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਦੀ ਸਭ ਤੋਂ ਮਸ਼ਹੂਰ ਤੇ ਪੁਰਾਣੀ ਭੁੱਖ ਹੜਤਾਲ ਹੈ ਜਿਸ ਵਿੱਚ ਕ੍ਰਾਂਤੀਕਾਰੀ ਅਜ਼ਾਦੀ ਘੁਲਾਟੀਏ ਭਗਤ ਸਿੰਘ ਨੇ ਅੰਗਰੇਜ਼ ਹਕੂਮਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। 

ਸਿਆਸੀ ਕੈਦੀਆਂ ਪ੍ਰਤੀ ਕੀਤੇ ਜਾ ਰਹੇ ਮਾੜੇ ਵਿਵਹਾਰ ਦਾ ਵਿਰੋਧ ਜਤਾਉਣ ਨੂੰ ਲੈ ਕੇ ਭਗਤ ਸਿੰਘ ਨੇ 116 ਦਿਨ ਲੰਬੀ ਭੁੱਖ ਹੜਤਾਲ ਕੀਤੀ ਸੀ। ਜੇਲ ਅੰਦਰ ਚੰਗਾ ਭੋਜਨ, ਪਹਿਨਣ ਲਈ ਸਾਫ਼ ਕੱਪੜੇ, ਪੜ੍ਹਨ ਲਈ ਕਿਤਾਬਾਂ ਅਤੇ ਸਾਫ਼ ਸੁਥਰੇ ਪਖਾਨੇ ਦੀ ਮੰਗ ਨੂੰ ਲੈ ਕੇ ਭਗਤ ਸਿੰਘ ਨੇ 11 ਜੂਨ 1929 ਨੂੰ ਆਪਣੇ ਸਾਥੀ ਕੈਦੀਆਂ ਦੇ ਨਾਲ ਭੁੱਖ ਹੜਤਾਲ ਸ਼ੁਰੂ ਕੀਤੀ ਸੀ। 

ਭਗਤ ਸਿੰਘ ਦੇ ਸਾਥੀ ਕੈਦੀਆਂ ਵਿੱਚੋਂ ਇੱਕ ਜਤਿੰਦਰ ਨਾਥ ਦਾਸ ਦੀ ਭੁੱਖ ਹੜਤਾਲ ਦੇ 63ਵੇਂ ਦਿਨ 13 ਸਤੰਬਰ, 1929 ਨੂੰ ਮੌਤ ਹੋ ਗਈ ਸੀ। ਅਖ਼ੀਰ 5 ਅਕਤੂਬਰ 1929 ਨੂੰ ਭਗਤ ਸਿੰਘ ਨੇ ਆਪਣੇ ਪਿਤਾ ਸਰਦਾਰ ਕਿਸ਼ਨ ਸਿੰਘ ਸੰਧੂ ਦੇ ਕਹਿਣ 'ਤੇ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ। 

ਹਾਲਾਂਕਿ, ਭੁੱਖ ਹੜਤਾਲ ਦੇ ਬਾਵਜੂਦ ਜੇਲ ਦੇ ਅੰਦਰਲੇ ਹਾਲਾਤ ਬਹੁਤੇ ਨਹੀਂ ਬਦਲੇ ਪਰ ਇਸ ਭੁੱਖ ਹੜਤਾਲ ਨੇ ਪੰਜਾਬ ਅਤੇ ਇਸ ਤੋਂ ਬਾਹਰ ਅਜ਼ਾਦੀ ਦੀ ਲੜਾਈ ਲੜ ਰਹੇ ਦੇਸ਼ ਭਗਤਾਂ ਵਿੱਚ ਭਗਤ ਸਿੰਘ ਪ੍ਰਤੀ ਸੋਚ ਨੂੰ ਜ਼ਰੂਰ ਬਦਲਿਆ।


2. ਮਾਸਟਰ ਤਾਰਾ ਸਿੰਘ

ਪੰਜਾਬੀ ਬੋਲਦੇ ਇਲਾਕਿਆਂ ਨੂੰ ਇੱਕ ਵੱਖਰਾ ਪੰਜਾਬੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ 1961 ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ। 

ਮਾਸਟਰ ਤਾਰਾ ਸਿੰਘ ਨੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਅਤੇ ਐਲਾਨ ਕੀਤਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਮਰਨ ਵਰਤ ਜਾਰੀ ਰੱਖਣਗੇ। 

ਹਲਾਂਕਿ, ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਧਾਰਮਿਕ ਵਖਰੇਵਿਆਂ ’ਤੇ ਅਧਾਰਤ ਕੋਈ ਵੱਖਰਾ ਸੂਬਾ ਬਣਾਉਣਾ ਜਾਇਜ਼ ਨਹੀਂ ਹੋਵੇਗਾ, ਪਰ ਇੱਕ ਨਿੱਜੀ ਪੱਤਰ ਰਾਹੀਂ ਪੰਡਿਤ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਯਕੀਨ ਦੁਆਇਆ ਸੀ ਕਿ ਉਹ ਇਸ ਮਸਲੇ 'ਤੇ ਹੋਰ ਡੂੰਘਾਈ ਨਾਲ ਸੋਚ-ਵਿਚਾਰ ਕਰਨਗੇ। 

ਪੰਡਿਤ ਨਹਿਰੂ ਵਲੋਂ ਮਿਲੇ ਭਰੋਸੇ ਮਗਰੋਂ ਅਕਾਲੀ ਆਗੂ ਸੰਤ ਫ਼ਤਿਹ ਸਿੰਘ ਨੇ ਆਪਣੇ ਸਾਥੀ ਮਾਸਟਰ ਤਾਰਾ ਸਿੰਘ ਨੂੰ ਜੂਸ ਪਿਲਾ ਕੇ 48 ਦਿਨਾਂ ਦੀ ਭੁੱਖ ਹੜਤਾਲ ਖ਼ਤਮ ਕਰਵਾਈ ਸੀ। ਹਲਾਂਕਿ, ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਅਤੇ ਆਮ ਲੋਕ ਇਸ ਫ਼ੈਸਲੇ ਤੋਂ ਨਾਖ਼ੁਸ਼ ਸਨ ਅਤੇ ਉਹ ਮਾਸਟਰ ਤਾਰਾ ਸਿੰਘ ਦੇ ਖ਼ਿਲਾਫ਼ ਹੋ ਗਏ ਸਨ। ਆਖ਼ਰਕਾਰ ਸਾਲ 1966 ਵਿਚ ਪੰਜਾਬ ਅਤੇ ਹਰਿਆਣਾ ਰਾਜ ਬਣਾਉਣ ਲਈ ਭਾਸ਼ਾ ਦੇ ਆਧਾਰ 'ਤੇ ਪੰਜਾਬ ਨੂੰ ਵੰਡਿਆ ਗਿਆ। ਮਾਸਟਰ ਤਾਰਾ ਸਿੰਘ, ਪੰਜਾਬ ਦੀ ਇਸ ਵੰਡ ਤੋਂ ਬਾਅਦ ਜ਼ਿਆਦਾ ਦੇਰ ਤਕ ਜਿਊਂਦੇ ਨਾ ਰਹਿ ਸਕੇ ਅਤੇ 22 ਨਵੰਬਰ 1967 ਪੂਰੇ ਹੋ ਗਏ।

3. ਸੰਤ ਫ਼ਤਿਹ ਸਿੰਘ

ਪੰਜਾਬ ਅਤੇ ਹਰਿਆਣਾ ਵੱਖਰਾ ਸੂਬਾ ਬਣਨ ਮਗਰੋਂ ਸੰਤ ਫ਼ਤਿਹ ਸਿੰਘ ਨੇ ਇਸ ਵੰਡ ਤੋਂ ਨਾਰਾਜ਼ਗੀ ਜਤਾਉਂਦਿਆਂ 17 ਦਸੰਬਰ 1966 ਨੂੰ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਨਵੇਂ ਬਣੇ ਪੰਜਾਬ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਧਮਕੀ ਤਕ ਦਿੱਤੀ ਸੀ ਕਿ ਜੇਕਰ 10 ਦਿਨਾਂ ਅੰਦਰ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਗਈ ਤਾਂ ਉਹ ਆਤਮਦਾਹ ਕਰ ਲੈਣਗੇ। 

ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 27 ਦਸੰਬਰ ਨੂੰ ਸੰਤ ਫ਼ਤਿਹ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਭਰੋਸੇ ਤੋਂ ਬਾਅਦ 55 ਸਾਲਾ ਸੰਤ ਫਤਿਹ ਸਿੰਘ ਨੇ ਭੁੱਖ ਹੜਤਾਲ ਖ਼ਤਮ ਕਰ ਦਿਤੀ ਪਰ ਬਾਅਦ ਵਿਚ ਇਸ ਦਾ ਕੁਝ ਨਹੀਂ ਬਣਿਆ। ਬਹੁਤ ਸਾਰੇ ਪੰਜਾਬੀਆਂ ਦੀ ਅਸਹਿਮਤੀ ਦੇ ਬਾਵਜੂਦ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਰਿਹਾ, ਜੋ ਹੁਣ ਤਕ ਹੈ।


4. ਦਰਸ਼ਨ ਸਿੰਘ ਫੇਰੂਮਾਨ

ਸਾਬਕਾ ਮੈਂਬਰ ਪਾਰਲੀਮੈਂਟ, ਸਿੱਖ ਕਾਰਕੁੰਨ ਅਤੇ ਅਜ਼ਾਦੀ ਘੁਲਾਟੀਏ ਦਰਸ਼ਨ ਸਿੰਘ ਫੇਰੂਮਾਨ ਨੇ ਸੰਤ ਫ਼ਤਿਹ ਸਿੰਘ 'ਤੇ ਇਲਜ਼ਾਮ ਲਾਏ ਕਿ ਉਨ੍ਹਾਂ ਨੇ ਮਰਨ ਵਰਤ ਰਖਣ ਦੀ ਆਪਣੀ ਅਰਦਾਸ ਨੂੰ ਤੋੜ ਕੇ ਸਿੱਖ ਧਰਮ ਦੀ ਮਰਿਆਦਾ ਦਾ ਘਾਣ ਕੀਤਾ ਹੈ। 

ਫੇਰੂਮਾਨ ਨੇ ਉਸ ਵੇਲੇ ਕਿਹਾ ਸੀ ਕਿ ਪੰਜਾਬ ਦੀਆਂ ਮੰਗਾਂ ਪੂਰੀਆਂ ਹੋਣ ਤਕ ਫ਼ਤਿਹ ਸਿੰਘ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਨਹੀਂ ਕਰਨੀ ਚਾਹੀਦੀ ਸੀ। 84 ਸਾਲ ਦੀ ਉਮਰ ਵਿੱਚ ਫੇਰੂਮਾਨ ਨੇ ਕਿਹਾ ਸੀ ਕਿ ਉਹ ਇਹ ਯਕੀਨੀ ਬਣਾਉਣ ਲਈ ਮਰਨ ਵਰਤ ਰਖਣਗੇ ਕਿ ਸਾਰੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਤੋਂ ਪੰਜਾਬ ਵਿਚ ਤਬਦੀਲ ਕੀਤੇ ਜਾਣ।
 

12 ਅਗਸਤ 1969 ਨੂੰ ਦਰਸ਼ਨ ਸਿੰਘ ਫੇਰੂਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 15 ਅਗਸਤ ਨੂੰ ਅੰਮ੍ਰਿਤਸਰ ਜੇਲ ਦੇ ਅੰਦਰ ਹੀ ਫੇਰੂਮਾਨ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿਤਾ ਸੀ। ਉਨ੍ਹਾਂ ਨੂੰ 27 ਅਗਸਤ 1969 ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਨੇ ਆਪਣਾ ਇਲਾਜ ਕਰਾਉਣ ਅਤੇ ਖਾਣ ਪੀਣ ਤੋਂ ਇਨਕਾਰ ਕਰ ਦਿਤਾ ਸੀ।

 ਆਖਿਰਕਾਰ, ਭੁੱਖ ਹੜਤਾਲ ਦੇ 74ਵੇਂ ਦਿਨ 27 ਅਕਤੂਬਰ 1969 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਫੇਰੂਮਾਨ ਦੀ ਮੌਤ ਤੋਂ ਬਾਅਦ ਉਸ ਦੇ ਹਮਾਇਤੀਆਂ ਨੇ ਸ਼ਹੀਦ ਫੇਰੂਮਾਨ ਅਕਾਲੀ ਦਲ ਦੀ ਸਥਾਪਨਾ ਕੀਤੀ ਪਰ ਇਹ ਪਾਰਟੀ ਹੁਣ ਤਕ ਪੰਜਾਬ ਦੀ ਰਾਜਨੀਤੀ ਵਿਚ ਹਾਸ਼ੀਏ 'ਤੇ ਹੀ ਰਹੀ ਅਤੇ ਪੰਜਾਬ ਦੇ ਬਹੁਤੇ ਲੋਕ ਇਸ ਪਾਰਟੀ ਦਾ ਨਾਮ ਤਕ ਨਹੀਂ ਜਾਣਦੇ।


5. ਸੂਰਤ ਸਿੰਘ ਖ਼ਾਲਸਾ

ਬਾਪੂ ਸੂਰਤ ਸਿੰਘ ਖ਼ਾਲਸਾ ਵਜੋਂ ਜਾਣੇ ਜਾਂਦੇ ਸਿੱਖ ਕਾਰਕੁੰਨ ਦਾ ਮਰਨ ਵਰਤ ਪੰਜਾਬ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਮਰਨ ਵਰਤ ਮੰਨਿਆ ਜਾਂਦਾ ਹੈ। ਅੱਜ ਯਾਨੀ ਕਿ 15 ਜਨਵਰੀ 2025 ਨੂੰ ਉਹ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਉਨ੍ਹਾਂ ਨੇ 91 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਉਨ੍ਹਾਂ ਦਾ ਜਨਮ 7 ਮਾਰਚ 1933 ਨੂੰ ਹਸਨਪੁਰ (ਲੁਧਿਆਣਾ) ਵਿਚ ਹੋਇਆ ਸੀ। 

 ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਨੇ 16 ਜਨਵਰੀ, 2015 ਨੂੰ 82 ਸਾਲ ਦੀ ਉਮਰ ਵਿੱਚ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ ਅਤੇ 14 ਜਨਵਰੀ, 2023 ਨੂੰ ਉਨ੍ਹਾਂ ਨੇ ਆਪਣਾ ਵਰਤ ਤੋੜਿਆ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਇੱਕ ਨੱਕ ਰਾਹੀਂ ਹੀ ਭੋਜਨ ਦਿੱਤਾ ਗਿਆ ਜਿਵੇਂ ਮਣੀਪੁਰ ਦੀ ਇਰੋਮ ਸ਼ਰਮੀਲਾ ਨੂੰ ਦਿੱਤਾ ਜਾਂਦਾ ਸੀ। ਸੂਰਤ ਸਿੰਘ ਖਾਲਸਾ ਦੇ ਮਰਨ ਵਰਤ ਦਾ ਮਕਸਦ ਪੰਜਾਬ ਅਤੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਸੀ ਜੋ ਆਪਣੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਨ।

ਉਨ੍ਹਾਂ ਨੇ ਆਪਣਾ ਮਰਨ ਵਰਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਸ਼ੁਰੂ ਕੀਤਾ, ਪਰ ਵਰਤ ਦੌਰਾਨ ਜ਼ਿਆਦਾਤਰ ਸਮਾਂ ਉਨ੍ਹਾਂ ਨੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਿਤਾਇਆ। ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਕੀਤੀ ਗਈ ਭਾਵੁਕ ਅਪੀਲ ਤੋਂ ਬਾਅਦ ਸੂਰਤ ਸਿੰਘ ਖਾਲਸਾ ਨੇ ਆਪਣੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸੀ। ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਮੋਰਚਾ 7 ਜਨਵਰੀ, 2023 ਤੋਂ ਮੋਹਾਲੀ ਵਿੱਚ ਸਥਾਪਤ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਰਹਿਨੁਮਾਈ ਹੇਠ ਸੰਘਰਸ਼ ਕਰ ਰਿਹਾ ਹੈ।

6. ਜਗਜੀਤ ਸਿੰਘ ਡੱਲੇਵਾਲ

ਜਗਜੀਤ ਸਿੰਘ ਡੱਲੇਵਾਲ, ਗਦੂਦਾਂ ਦੇ ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ ਦੇਸ਼ ਦੇ ਕਿਸਾਨਾਂ ਲਈ MSP ਦੀ ਲੜਾਈ ਲੜ ਰਹੇ ਹਨ। ਡੱਲੇਵਾਲ ਨੇ 26 ਨਵੰਬਰ, 2024 ਨੂੰ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ। ਅੱਜ ਉਨ੍ਹਾਂ ਦਾ ਮਰਨ ਵਰਤ 51ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ।  ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਉਣਾ ਅਤੇ ਫ਼ਸਲਾਂ ਦੇ ਰੇਟ ਨਿਰਧਾਰਤ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਡੱਲੇਵਾਲ ਦੀ ਇਹ ਹੁਣ ਤਕ ਦੀ ਛੇਵੀਂ ਭੁੱਖ ਹੜਤਾਲ ਹੈ ਅਤੇ ਹੁਣ ਤਕ ਦੀ ਸਭ ਤੋਂ ਲੰਬੀ ਭੁੱਖ ਹੜਤਾਲ ਹੈ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਭੁੱਖ ਹੜਤਾਲ ਦੌਰਾਨ ਸਿਰਫ਼ ਪਾਣੀ ਪੀ ਰਹੇ ਹਨ। ਆਪਣੇ ਮਰਨ ਵਰਤ ਤੋਂ ਪਹਿਲਾਂ ਡੱਲੇਵਾਲ ਨੇ ਆਪਣੀ 17 ਏਕੜ ਜ਼ਮੀਨ ਆਪਣੇ ਪੁੱਤਰ, ਨੂੰਹ ਅਤੇ ਪੋਤੇ ਦੇ ਨਾਮ ਲਵਾ ਦਿੱਤੀ ਸੀ।
 

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement