
ਸਥਾਨਕ ਉਘੇ ਵਪਾਰਕ ਘਰਾਣੇ ਦੀਆਂ ਵੱਖ-ਵੱਖ ਪੰਜ ਫ਼ਰਮਾਂ 'ਤੇ ਇਨਕਮ ਟੈਕਸ ਵਿਭਾਗ ਦੀ ਰੇਡ 24 ਘੰਟੇ ਤਕ ਜਾਰੀ.....
ਫਿਲੌਰ : ਸਥਾਨਕ ਉਘੇ ਵਪਾਰਕ ਘਰਾਣੇ ਦੀਆਂ ਵਖ-ਵਖ ਪੰਜ ਫ਼ਰਮਾਂ 'ਤੇ ਇਨਕਮ ਟੈਕਸ ਵਿਭਾਗ ਦੀ ਰੇਡ 24 ਘੰਟੇ ਤਕ ਜਾਰੀ ਰਹੀ। ਅੱਜ ਸਾਰਾ ਦਿਨ ਇਸ ਗੱਲ ਦੀ ਚਰਚਾ ਰਹੀ ਕਿ ਉਕਤ ਵਪਾਰੀਆਂ ਨੇ ਅੱਜ ਸਵੇਰੇ ਲੱਗਭੱਗ ਡੇਢ ਦੋ ਕਰੋੜ ਦੀ ਰਕਮ ਖ਼ੁਦ ਹੀ ਸਿਰੰਡਰ ਕਰ ਦਿਤੀ ਹੈ। ਇਸ ਰੇਡ ਲਈ ਆਈਟੀ ਦੀਆਂ ਟੀਮਾਂ ਨਕੋਦਰ, ਜਲੰਧਰ, ਫਗਵਾੜਾ, ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਇਥੇ ਛਾਪਾਮਾਰੀ ਲਈ ਆਈਆਂ ਹਨ। ਕੱਲ੍ਹ ਸ਼ਾਮੀ ਦੇਰ ਰਾਤ ਨੂੰ ਅਗਲੀ ਸ਼ਿਫਟ ਲਈ ਹੋਰ ਟੀਮਾਂ ਬੁਲਾ ਲਈਆਂ ਗਈਆਂ ਸਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਵਿਭਾਗ ਨੇ ਉਕਤ ਫ਼ਰਮਾਂ ਦੀ 2018 ਦੇ ਅਗਸਤ-ਸਤੰਬਰ ਮਹੀਨੇ ਤੋਂ ਹੀ ਰੇਕੀ ਸ਼ੁਰੂ ਕੀਤੀ
Income Tax Department Raid
ਹੋਈ ਸੀ ਅਤੇ ਵਿਭਾਗ ਨੇ ਪੂਰੀ ਤਿਆਰੀ ਕਰ ਕੇ 13 ਫ਼ਰਵਰੀ 2019 ਨੂੰ ਇਹ ਰੇਡ ਕੀਤੀ। ਮੁੱਖ ਮਾਰਗ 'ਤੇ ਸਥਿਤ ਪ੍ਰਿਥਵੀ ਰਿਜ਼ਾਰਟ, ਦਾਣਾ ਮੰਡੀ 'ਚ ਸਥਿਤ ਪ੍ਰਿਥੀ ਚੰਦ ਐਂਡ ਸਨਜ਼, ਪ੍ਰਿਥਵੀ ਜਿਊਲਰਜ਼ ਅਤੇ ਉਨ੍ਹਾਂ ਦੀਆਂ ਦੋ ਹੋਰ ਫ਼ਰਮਾਂ 'ਚ ਆਈਟੀ ਦੀਆਂ ਵਖ-ਵਖ ਟੀਮਾਂ ਨੇ ਲਗਾਤਾਰ 24 ਘੰਟੇ ਤੱਕ ਛਾਪਾਮਾਰੀ ਜਾਰੀ ਰੱਖੀ। ਵਿਭਾਗ ਅਤੇ ਵਪਾਰਕ ਅਦਾਰੇ ਨੇ ਮੀਡੀਆ ਤੋਂ ਪੂਰਾ ਸਮਾਂ ਦੂਰੀ ਬਣਾਈ ਰੱਖੀ। ਮੀਡੀਆ ਦੇ ਲੋਕਾਂ ਨੇ ਪ੍ਰਿਥਵੀ ਰਿਜ਼ਰਟ ਵਿਚ ਆਈਟੀ ਵਿਭਾਗ ਦੀਆਂ ਤਿੰਨ ਗੱਡੀਆਂ ਖੜ੍ਹੀਆਂ ਦੇਖੀਆਂ ਪਰ ਗਾਰਡ ਵਲੋਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿਤਾ ਗਿਆ।
ਰਿਜ਼ਾਰਟ ਦੇ ਗੇਟਮੈਨ ਨੇ ਦਸਿਆ ਕਿ ਇਨਕਮ ਟੈਕਸ ਵਾਲਿਆਂ ਨਾਲ ਪੁਲਿਸ ਵੀ ਹੈ, ਉਹ ਕੱਲ੍ਹ ਸਵੇਰੇ ਤੋਂ ਹੀ ਕਾਗਜ਼ਾਂ ਦੀ ਫਰੋਲਾ ਫਰਾਲੀ ਕਰ ਰਹੇ ਹਨ। ਵਿਭਾਗ ਦੇ ਕਰਮਚਾਰੀਆਂ ਨੇ ਮੀਡੀਆ ਸਮੇਤ ਨਾ ਤਾਂ ਕਿਸੇ ਨੂੰ ਅੰਦਰ ਜਾਣ ਦਿਤਾ ਅਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦਿਤਾ। ਇਹ ਅਧਿਕਾਰੀ ਅਤੇ ਕਰਮਚਾਰੀ ਇਕੋ ਤਰਾਂ ਦੀਆਂ ਗੱਡੀਆਂ ਵਿਚ ਆਏ ਸਨ ਅਤੇ ਸ਼ਹਿਰ ਦੇ ਵਖ-ਵਖ ਏਰੀਏ 'ਚ ਪੈਂਦੀਆਂ ਉਕਤ ਘਰਾਣੇ ਦੀਆਂ ਫ਼ਰਮਾਂ 'ਚ ਡੇਰੇ ਲਾ ਕੇ ਅੱਜ ਸਵੇਰੇ 10 ਵਜੇ ਤਕ ਡੱਟੇ ਰਹੇ। ਇਕ ਗੱਡੀ ਦਾਣਾ ਮੰਡੀ 'ਚ ਪ੍ਰਿਥੀ ਚੰਦ ਐਂਡ ਸਨਜ਼ ਦੇ ਬਾਹਰ ਖੜ੍ਹੀ ਸੀ ਅਤੇ
ਵਿਭਾਗ ਦੇ ਕੁੱਝ ਕੁ ਕਰਮਚਾਰੀ ਅਤੇ ਪੁਲਿਸ ਦੇ ਮੁਲਾਜ਼ਮ ਵੀ ਬਾਹਰ ਬੈਠੇ ਸਨ। ਨਵਾਂ ਸ਼ਹਿਰ ਵਾਲੇ ਬੱਸ ਸਟੈਂਡ ਨੇੜੇ ਪ੍ਰਿਥਵੀ ਜਿਊਲਰਜ਼ ਦੇ ਬਾਹਰ ਵੀ ਪੁਲਿਸ ਦਾ ਪਹਿਰਾ ਸੀ ਅਤੇ ਅੰਦਰ ਛਾਣਬੀਣ ਚੱਲ ਰਹੀ ਸੀ। ਸੰਪਰਕ ਕਰਨ 'ਤੇ ਸਬੰਧਿਤ ਅਧਿਕਾਰੀਆਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਸਾਰੀ ਰਿਪੋਰਟ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਦੇਣਗੇ।